World

ਨਵੇਂ ਭਾਰਤ ’ਚ ਭ੍ਰਿਸ਼ਟਾਚਾਰ ਤੇ ਭਾਈ–ਭਤੀਜਾਵਾਦ ਵਿਰੁੱਧ ਸ਼ਿਕੰਜਾ ਕੱਸ ਰਹੇ ਹਾਂ: ਫ਼ਰਾਂਸ ’ਚ PM ਮੋਦੀ

ਪੈਰਿਸ (ਫ਼ਰਾਂਸ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫ਼ਰਾਂਸ ਦੇ ਪੈਰਿਸ ’ਚ ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨਵੇਂ ਭਾਰਤ ’ਚ ਭ੍ਰਿਸ਼ਟਾਚਾਰ ਤੇ ਭਾਈ–ਭਤੀਜਾਵਾਦ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਫ਼ਰਾਂਸ ਵਿਚਾਲੇ ਸਬੰਧ ਸੈਂਕੜੇ ਸਾਲ ਪੁਰਾਣੇ ਹਨ। ਸਾਡੀ ਦੋਸਤੀ ਕਿਸੇ ਸੁਆਰਥ ’ਤੇ ਨਹੀਂ, ਸਗੋਂ ਆਜ਼ਾਦੀ, ਸਮਾਨਤਾ ਤੇ ਆਪਸੀ ਭਾਈਚਾਰੇ ਦੇ ਠੋਸ ਆਦਰਸ਼ਾਂ ਉੱਤੇ ਟਿਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲਾਂ ਦੌਰਾਨ ਕੁਝ ਅਜਿਹੇ ਟੀਚੇ ਰੱਖੇ, ਜੋ ਪਹਿਲਾਂ ਅਸੰਭਵ ਮੰਨੇ ਜਾਂਦੇ ਸਨ। ਨਵੇਂ ਭਾਰਤ ਵਿੱਚ ਥੱਕਣ ਤੇ ਰੁਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਯੂਨੈਸਕੋ ਹੈੱਡਕੁਆਰਟਰਜ਼ ’ਚ ਕਿਹਾ ਕਿ ਨਵੇਂ ਭਾਰਤ ਵਿੱਚ ਭ੍ਰਿਸ਼ਟਾਚਾਰ, ਭਾਈ–ਭਤੀਜਾਵਾਦ, ਜਨਤਾ ਦੇ ਧਨ ਦੀ ਲੁੱਟ ਤੇ ਅੱਤਵਾਦ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਭਾਰਤ ਸਾਲ 2003 ਲਈ ਤੈਅ ਕੀਤੇ ਜਲਵਾਯੂ ਤਬਦੀਲੀ ਦੇ ਜ਼ਿਆਦਾਤਰ ਟੀਚਿਆਂ ਨੂੰ ਅਗਲੇ ਡੇਢ ਸਾਲ ਵਿੱਚ ਹਾਸਲ ਕਰ ਲਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਭਾਰਤ ਆਸਾਂ ਤੇ ਉਮੀਦਾਂ ਦੇ ਸਫ਼ਰ ਉੱਤੇ ਨਿੱਕਲਣ ਵਾਲਾ ਹੈ। ਅੱਜ ਮੈਂ ਨਿਮਰਤਾਪੂਰਬਕ ਆਖਣਾ ਚਾਹੁੰਦਾ ਹਾਂ ਕਿ ਅਸੀਂ ਨਾ ਸਿਰਫ਼ ਉਸ ਸਫ਼ਰ ਉੱਤੇ ਨਿੱਕਲ ਚੁੱਕੇ ਹਾਂ, ਸਗੋਂ ਦੇਸ਼ ਵਾਸੀਆਂ ਦੇ ਜਤਨਾਂ ਨਾਲ ਭਾਰਤ ਤੇਜ਼ ਰਫ਼ਤਾਰ ਵਿਕਾਸ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਜਾਂ ਫ਼ਰਾਂਸ ਨੇ ਉਪਲਬਧੀ ਹਾਸਲ ਕੀਤੀ ਹੁੰਦੀ ਹੈ, ਤਾਂ ਅਸੀਂ ਇੱਕ–ਦੂਜੇ ਲਈ ਖ਼ੁਸ਼ ਹੁੰਦੇ ਹਾਂ। ਭਾਰਤ ਵਿੱਚ ਫ਼ਰਾਂਸ ਦੀ ਫ਼ੁੱਟਬਾਲ ਟੀਮ ਦੇ ਹਮਾਇਤੀ ਦੀ ਗਿਣਤੀ ਸ਼ਾਇਦ ਇੰਨੀ ਫ਼ਰਾਂਸ ਵਿੱਚ ਨਹੀਂ ਹੋਵੇਗੀ, ਜਿੰਨੀ ਭਾਰਤ ਵਿੱਚ ਹੈ।