Menu

ਨਹੀਂ ਰੁਕ ਰਿਹਾ ਗੈਰ-ਕਾਨੂੰਨੀ ਗਰਭਪਾਤ ਦਾ ਸਿਲਸਿਲਾ

ਫਰੀਦਾਬਾਦ— ਇੱਥੇ ਗੈਰ-ਕਾਨੂੰਨੀ ਗਰਭਪਾਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਿਹਤ ਵਿਭਾਗ ਦੇ ਲੱਖਾਂ ਦਾਅਵਿਆਂ ਦੇ ਬਾਵਜੂਦ ਵੀ ਧੰਦਾ ਜ਼ੋਰਾਂ ‘ਤੇ ਹੈ। ਦੇਰ ਰਾਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਮੌਕੇ ਤੋਂ ਇਕ ਰਿਸੈਪਸ਼ਨਿਸਟ ਅਤੇ ਇਕ ਨਰਸ ਨੂੰ ਗੈਰ-ਕਾਨੂੰਨੀ ਗਰਭਪਾਤ ਕਰਵਾਉਂਦੇ ਹੋਏ ਫੜਿਆ ਹੈ। ਇਸ ਧੰਦੇ ‘ਚ ਇਕ ਸਰਕਾਰੀ ਡਾਕਟਰ ਦੀ ਪਤਨੀ ਨੂੰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਕੀਤੀ ਗਈ ਛਾਪੇਮਾਰੀ ‘ਚ ਮਹਿਲਾ ਮਰੀਜ਼ ਦਾ ਪਹਿਲਾਂ ਫਰੀਦਾਬਾਦ ‘ਚ ਕਿਤੇ ਅਲਟਰਾਸਾਊਂਡ ਕਰਵਾਇਆ ਗਿਆ ਸੀ। ਜਿਸ ਦੀ ਭਣਕ ਸਿਹਤ ਵਿਭਾਗ ਦੀ ਟੀਮ ਨੂੰ ਲੱਗ ਗਈ। ਜਦੋਂ ਇਕ ਔਰਤ ਇਸ ਹਸਪਤਾਲ ‘ਚ ਗਰਭਪਾਤ ਕਰਵਾਉਣ ਪੁੱਜੀ ਤਾਂ ਇਸ ਦਾ ਪਿੱਛਾ ਕਰ ਰਹੀ ਵਿਭਾਗ ਦੀ ਟੀਮ ਵੀ ਉੱਥੇ ਪੁੱਜ ਗਈ। ਇਸ ਦੌਰਾਨ ਹਸਪਤਾਲ ਦੇ ਅੰਦਰ ਔਰਤ ਨੂੰ ਦਾਖਲ ਕਰ ਕੇ ਉਸ ਤੋਂ 5 ਹਜ਼ਾਰ ਰੁਪਏ ਲੈ ਕੇ ਉਸ ਨੂੰ ਗਰਭਪਾਤ ਕਰਵਾਉਣ ਵਾਲੀਆਂ ਗੋਲੀਆਂ ਖੁਆ ਦਿੱਤੀਆਂ ਅਤੇ ਗਲੂਕੋਜ਼ ਲਾ ਕੇ ਉਸ ‘ਚ ਟੀਕਾ ਪਾ ਕੇ ਔਰਤ ਦਾ ਗਰਭਪਾਤ ਕਰਵਾ ਦਿੱਤਾ। ਜਦੋਂ ਤੱਕ ਸਿਹਤ ਵਿਭਾਗ ਦੀ ਟੀਮ ਹਸਪਤਾਲ ਦੇ ਅੰਦਰ ਦਾਖਲ ਹੁੰਦੀ, ਉਦੋਂ ਤੱਕ ਔਰਤ ਦਾ ਗਰਭਪਾਤ ਕਰਵਾਇਆ ਜਾ ਚੁਕਿਆ ਸੀ। ਡਾਕਟਰਾਂ ਦੀ ਟੀਮ ਨੇ ਮੌਕੇ ਤੋਂ ਇਕ ਨਰਸ ਅਤੇ ਇਕ ਰਿਸੈਪਸ਼ਨਿਸਟ ਨੂੰ ਰੰਗੇ ਹੱਥੀਂ ਫੜ ਲਿਆ। ਦੋਵੇਂ ਔਰਤਾਂ ਤੋਂ ਪੁੱਛ-ਗਿੱਛ ‘ਚ ਉਨ੍ਹਾਂ ਨੇ ਦੱਸਿਆ ਕਿ ਇਸ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਨੀਲਮ ਸ਼ਰਮਾ ਹੈ, ਜਿਨ੍ਹਾਂ ਨੇ ਫੋਨ ‘ਤੇ ਉਨ੍ਹਾਂ ਨੂੰ ਪੀੜਤ ਔਰਤ ਨੂੰ ਗੋਲੀਆਂ ਖੁਆਉਣ ਲਈ ਕਿਹਾ ਸੀ। ਵਿਭਾਗ ਦੀ ਟੀਮ ਨੇ ਮੌਕੇ ਤੋਂ ਹੀ ਗੋਲੀਆਂ ਦਾ ਰੈਪਰ, ਟੀਕਾ ਅਤੇ ਐੱਮ.ਪੀ.ਟੀ. ਕਿਟ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ‘ਚ ਖੇੜੀ ਪਿੰਡ ਦੇ ਹਸਪਤਾਲ ‘ਚ ਤਾਇਨਾਤ ਡਾਕਟਰ ਜਗਦੀਸ਼ ਪਾਰਾਸ਼ਰ ਦੀ ਪਤਨੀ ਡਾਕਟਰ ਨੀਲਮ ਸ਼ਰਮਾ ਨੂੰ ਇਸ ਧੰਦੇ ‘ਚ ਸ਼ਾਮਲ ਦੱਸਿਆ ਜਾ ਰਿਹਾ ਹੈ, ਜੋ ਇਸ ਕੰਮ ਨੂੰ ਅੰਜਾਮ ਦੇ ਰਹੀ ਹੈ।