India News

ਨਿਰਭਯਾ ਗੈਂਗਰੇਪ ਕੇਸ: ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਮਾਮਲੇ ‘ਚ ਸੁਪਰੀਮ ਕੋਰਟ ‘ਚ ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ ‘ਤੇ ਸੋਮਵਾਰ ਨੂੰ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ 3 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਕਾਂਡ ‘ਚ 4 ਦੋਸ਼ੀਆਂ ‘ਚ ਸ਼ਾਮਲ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ‘ਚ 5 ਮਈ 2017 ਦੇ ਫੈਸਲੇ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਇਰ ਨਹੀਂ ਕੀਤੀ ਸੀ।16 ਦਸੰਬਰ 2012 ਦੀ ਰਾਤ ਫਿਲਮ ਦੇਖ ਕੇ ਵਾਪਸ ਆਉਂਦੇ ਸਮੇਂ 23 ਸਾਲਾਂ ਵਿਦਿਆਰਥਣ ਨਿਰਭਯਾ (ਬਦਲਿਆ ਹੋਇਆ ਨਾਂ) ਨਾਲ 6 ਲੋਕਾਂ ਨੇ ਚੱਲਦੀ ਬੱਸ ‘ਚ ਰੇਪ ਕੀਤਾ ਸੀ ਅਤੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।
ਦੋਸ਼ੀਆਂ ਨੇ ਨਿਰਭਯਾ ਅਤੇ ਉਸ ਦੇ ਦੋਸਤ ਨੂੰ ਨਗਨ ਹਾਲਤ ‘ਚ ਚੱਲਦੀ ਬੱਸ ਤੋਂ ਹੇਠਾਂ ਸੁੱਟ ਦਿੱਤਾ ਸੀ। ਇੱਥੋਂ ਤੱਕ ਕਿ ਦੋਵਾਂ ਨੂੰ ਕੁਚਲ ਕੇ ਮਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਮਾਮਲੇ ‘ਚ ਦਿੱਲੀ ਦੀ ਹੇਠਲੀ ਅਦਾਲਤ ਅਤੇ ਹਾਈਕੋਰਟ ਨੇ ਚਾਰ ਦੋਸ਼ੀਆਂ ਮੁਕੇਸ਼, ਪਵਨ ਗੁਪਤਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਕ ਦੋਸ਼ੀ ਨੇ ਜੇਲ ‘ਚ ਖੁਦਕੁਸ਼ੀ ਕਰ ਲਈ ਸੀ ਜਦਕਿ ਇਕ ਹੋਰ ਦੋਸ਼ੀ ਨਾਬਾਲਗ ਸੀ ਜੋ ਤਿੰਨ ਸਾਲ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਬਰੀ ਹੋ ਚੁੱਕਿਆ ਹੈ।ਚਾਰਾਂ ਦੋਸ਼ੀਆਂ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਅਤੇ ਸੁਪਰੀਮ ਕੋਰਟ ਨੇ ਪਿਛਲੇ ਸਾਲ 5 ਮਈ ਨੂੰ ਚਾਰਾਂ ਦੀ ਫਾਂਸੀ ‘ਤੇ ਆਪਣੀ ਮੋਹਰ ਲਗਾ ਦਿੱਤੀ ਸੀ। ਇਸ ਦੇ ਬਾਅਦ ਤਿੰਨ ਦੋਸ਼ੀਆਂ ਨੇ ਸੁਪਰੀਮ ਕੋਰਟ ‘ਚ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਸੀ। ਕੋਰਟ ਦੇ ਤੈਅ ਨਿਯਮਾਂ ਮੁਤਾਬਕ ਫਾਂਸੀ ਦੀ ਸਜ਼ਾ ਪਾਏ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ ‘ਤੇ ਤਿੰਨ ਜੱਜਾਂ ਸੀ.ਜੇ.ਆਈ ਦੀਪਕ ਮਿਸ਼ਰਾ, ਆਰ.ਭਾਨੁਮਤੀ ਅਤੇ ਅਸ਼ੋਕ ਭੂਸ਼ਨ ਦੀ ਬੈਂਚ ਨੇ ਖੁਲ੍ਹੀ ਅਦਾਲਤ ‘ਚ ਬਹਿਸ ਸੁਣ ਕੇ ਫੈਸਲਾ ਸੁਰੱਖਿਅਤ ਰੱਖਿਆ ਸੀ।