Menu

ਨੈਸ਼ਨਲ ਹਾਕੀ ਲੀਗ ‘ਚ ਸਿੱਖ ਨੇ ਰਚਿਆ ਇਤਿਹਾਸ

ਕੈਲਗਰੀ— ਕੈਨੇਡਾ ‘ਚ ਉਸ ਸਮੇਂ ਪੰਜਾਬੀਆਂ ਦੀ ਬੱਲੇ-ਬੱਲੇ ਹੋ ਗਈ, ਜਦੋਂ ਇਕ ਸਿੱਖ ਨੌਜਵਾਨ ਨੇ ਨੈਸ਼ਨਲ ਹਾਕੀ ਲੀਗ ਦਾ ਅੰਗਰੇਜ਼ੀ ਭਾਸ਼ਾ ‘ਚ ਪ੍ਰਸਾਰਣ ਕਰ ਕੇ ਸਮਾਂ ਬੰਨ੍ਹ ਦਿੱਤਾ। 31 ਸਾਲਾ ਸਿੱਖ ਨੌਜਵਾਨ ਹਰਨਰਾਇਣ ਸਿੰਘ ਨੇ ਬੁੱਧਵਾਰ ਰਾਤ ਨੂੰ ਸੈਡਲਹੋਮ ਵਿਖੇ ਨੈਸ਼ਨਲ ਹਾਕੀ ਲੀਗ ‘ਚ ਕੈਲਗਰੀ ਫਲੇਮਜ਼ ਅਤੇ ਟੋਰਾਂਟੋ ਮੈਪਲ ਲੀਫਸ ਵਿਚਕਾਰ ਹੋਏ ਮੁਕਾਬਲੇ ਦਾ ਪ੍ਰਸਾਰਣ ਅੰਗਰੇਜ਼ੀ ਭਾਸ਼ਾ ‘ਚ ਕਰਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਨੌਜਵਾਨ ਹੈ। ਇਸ ਤੋਂ ਪਹਿਲਾਂ ਹਰਨਰਾਇਣ ਸਿੰਘ ਨੇ ਕੈਨੇਡਾ ‘ਚ ਹਾਕੀ ਨਾਈਟ ਦਾ ਪ੍ਰਸਾਰਣ ਅਤੇ ਮੈਚ ਦਾ ਮੁਲਾਂਕਣ ਪੰਜਾਬੀ ਭਾਸ਼ਾ ‘ਚ ਕਰਕੇ 2008 ‘ਚ ਇਤਿਹਾਸ ਰਚਿਆ ਸੀ । ਇਹ ਉਪਰਾਲਾ ਕੈਨੇਡਾ ‘ਚ ਹਾਕੀ ਦੀ ਖੇਡ ਨਾਲ ਭਾਰਤੀਆਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਹਾਕੀ ਕੈਨੇਡਾ ਅਤੇ ਪੰਜਾਬ ਦੀ ਰਾਸ਼ਟਰੀ ਖੇਡ ਹੈ। ਹਰਨਰਾਇਣ ਸਿੰਘ ਇਕ ਸਫਲ ਟੀ. ਵੀ. ਪੇਸ਼ਕਾਰ ਹੋਣ ਤੋਂ ਇਲਾਵਾ ਇਕ ਵਧੀਆ ਸੰਗੀਤਕਾਰ ਵੀ ਹੈ। ਉਹ ਕੈਨੇਡਾ, ਅਮਰੀਕਾ ਅਤੇ ਭਾਰਤ ‘ਚ ਕਈ ਵਾਰ ਲੋਕਾਂ ਦੇ ਵੱਡੇ ਇਕੱਠ ਸਾਹਮਣੇ ਤਬਲੇ ਅਤੇ ਹਾਰਮੋਨੀਅਮ ‘ਤੇ ਆਪਣੇ ਹੱਥ ਅਜ਼ਮਾ ਚੁੱਕਾ ਹੈ। ਇੰਨਾ ਹੀ ਨਹੀਂ ਉਹ ਦੁਨੀਆ ਭਰ ‘ਚ ਉਘੇ ਸਿੱਖ ਸੰਗੀਤਕਾਰਾਂ ‘ਚ ਸ਼ਾਮਲ ਹੈ। ਸਿੰਘ ਨੇ ਪੰਜਾਬੀ ਭਾਸ਼ਾ ‘ਚ ਹਾਕੀ ਨਾਈਟ ਦਾ ਪ੍ਰਸਾਰਣ ਕਰਕੇ ਚਾਰ ਚੰਨ ਲਗਾ ਦਿੱਤੇ ਸਨ ਅਤੇ ਉਸ ਦੇ ਸ਼ਬਦਾਂ ‘ਤੇ ਗੋਰੇ ਵੀ ਝੂਮ ਵੀ ਉਠੇ ਸਨ। ਉਸ ਨੇ ਕਿਹਾ ਕਿ ਹਾਕੀ ਪੰਜਾਬ ਵਾਂਗ ਕੈਨੇਡਾ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਲੋਕਾਂ ਨੂੰ ਇਕੱਠੇ ਰੱਖਣ ਵਾਲੀ ਖੇਡ ਹੈ।