World

ਨੱਕ ‘ਚ ਲਾਈ ਜਾਵੇਗੀ ਕੋਰੋਨਾ ਵੈਕਸੀਨ, 30 ਲੋਕਾਂ ‘ਤੇ ਪ੍ਰੀਖਣ ਕਰ ਰਹੀ ਆਕਸਫੋਰਡ ਯੂਨੀਵਰਸਿਟੀ

ਵਾਸ਼ਿੰਗਟਨ/ਲੰਡਨ – ਭਾਰਤ, ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਇਲ ਸਣੇ ਦੁਨੀਆ ਭਰ ਦੇ ਕਰੀਬ ਸਭ ਵੱਡੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਖਤਮ ਕਰਨ ਲਈ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਵਿਸ਼ਵ ਵਿਚ ਅਜੇ ਵੀ ਕਈ ਵੈਕਸੀਨਾਂ ਅਜਿਹੀਆਂ ਹਨ, ਜੋ ਟ੍ਰਾਇਲ ਮੋਡ ਵਿਚ ਹਨ। ਇਸ ਦਰਮਿਆਨ ਆਕਸਫੋਰਡ ਯੂਨੀਵਰਸਿਟੀ ਹੁਣ ਨੱਕ ਰਾਹੀਂ ਵੈਕਸੀਨ ਦੇਣ ਦੀ ਤਿਆਰੀ ਵਿਚ ਜੁਟ ਗਈ ਹੈ। ਇਸ ਦੇ ਲਈ 30 ਵਾਲੰਟੀਅਰਸ ‘ਤੇ ਟੈਸਟਿੰਗ ਚੱਲ ਰਹੀ ਹੈ।

ਕੋਰੋਨਾ ਵਾਇਰਸ ਲਈ ਆਕਸਫੋਰਡ ਯੂਨੀਵਰਸਿਟੀ ਨੱਕ ਰਾਹੀਂ ਲਾਈ ਜਾਣ ਵਾਲੀ ਇਕ ਖਾਸ ਵੈਕਸੀਨ ਬਣਾ ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਹੈ ਕਿ ਸ਼ੁਰੂਆਤ ਵਿਚ 18 ਤੋਂ 40 ਸਾਲ ਦੀ ਉਮਰ ਦੇ 30 ਵਾਲੰਟੀਅਰਸ ‘ਤੇ ਇਸ ਵੈਕਸੀਨ ਦੀ ਟੈਸਟਿੰਗ ਜਾਰੀ ਹੈ। ਆਕਸਫੋਰਡ ਯੂਨੀਵਰਸਿਟੀ ਇਹ ਵੈਕਸੀਨ ਐਸਟ੍ਰਾਜ਼ੈਨੇਕਾ ਨਾਲ ਮਿਲ ਕੇ ਤਿਆਰ ਕਰ ਰਹੀ ਹੈ। ਬ੍ਰਿਟਿਸ਼ ਖੋਜਕਾਰਾਂ ਨੇ ਬੀਤੇ ਸਤੰਬਰ ਵਿਚ ਦੱਸਿਆ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਰੋਨਾ ਵੈਕਸੀਨ ਦੇ ਪ੍ਰੀਖਣ ਦੌਰਾਨ ਇਹ ਦੇਖਿਆ ਜਾਵੇਗਾ ਕਿ ਵੈਕਸੀਨ ‘ਇਨਹੇਲਰ’ ਦੇ ਰੂਪ ਵਿਚ ਜਾਂ ਫਿਰ ਨੱਕ ਦੀ ਸਪ੍ਰੇ ਦੇ ਰੂਪ ਵਿਚ ਜ਼ਿਆਦਾ ਅਸਰਦਾਰ ਸਾਬਿਤ ਹੋ ਸਕਦੀ ਹੈ ਜਾਂ ਨਹੀਂ।

ਖੋਜਕਾਰਾਂ ਦਾ ਮੰਨਣਾ ਹੈ ਕਿ ਵੈਕਸੀਨ ਨੱਕ ਰਾਹੀਂ ਅੰਦਰ ਜਾਵੇਗੀ ਤਾਂ ਸਿੱਧਾ ਵਾਇਰਸ ‘ਤੇ ਹਮਲਾ ਕਰੇਗੀ ਅਤੇ ਉਸ ਨੂੰ ਖਤਮ ਕਰ ਦੇਵੇਗੀ। ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਕੋਰੋਨਾ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਉਣ ਲਈ ਸਿੱਧਾ ਫੇਫੜਿਆਂ ਵਿਚ ਦਵਾਈ ਪਹੁੰਚਾਉਣੀ ਸਭ ਤੋਂ ਕਾਰਗਰ ਤਰੀਕਾ ਹੋ ਸਕਦਾ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਮਰੀਕਾ ਨੇ ਆਪਣੇ ਕਰੀਬ 5.5 ਮਿਲੀਅਨ ਲੋਕਾਂ ਨੂੰ ਵੈਕਸੀਨ ਲਾ ਦਿੱਤੀ ਹੈ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਬਾਅਦ ਭਾਰਤ ਸਣੇ ਕਈ ਮੁਲਕਾਂ ਵਿਚ ਟੀਕਾਕਰਨ ਦੀ ਮੁਹਿੰਮ ਵੱਡੇ ਪੱਧਰ ‘ਤੇ ਜਾਰੀ ਹੈ।