India News

ਕੈਪਟਨ ਅਮਰਿੰਦਰ ਸਿੰਘ ਨੇ ਲਵਾਈ ਕੋਵਿਡ 19 ਦੀ ਦੂਜੀ ਡੋਜ਼, ਸੂਬੇ ’ਚ ਪਹੁੰਚੀ ਚਾਰ ਲੱਖ ਹੋਰ ਡੋਜ਼

ਚੰਡੀਗਡ਼੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਖੁਦ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਵਾਈ ਹੈ। ਕੈਪਟਨ ਵੱਲੋਂ ਪੀਐਮ ਮੋਦੀ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਐਤਵਾਰ ਨੂੰ ਕੋਵਿਡ ਵੈਕਸੀਨ ਦੀ ਚਾਰ ਲੱਖ ਡੋਜ਼ ਪੰਜਾਬ ਪਹੁੰਚੀ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਾਰੇ ਕੇਂਦਰਾਂ ਵਿਚ ਵੈਕਸੀਨ ਜ਼ਰੂਰੀ ਮਾਤਰਾ ਵਿਚ ਉਪਲਬਧ ਹੈ। ਐਤਵਾਰ ਨੂੰ ਕੁੱਲ 69129 ਲੋਕਾਂ ਨੂੰ ਟੀਕਾ ਲਾਇਆ ਗਿਆ।ਇਨ੍ਹਾਂ ਵਿਚੋਂ 666585 ਨੂੰ ਪਹਿਲੀ ਤੇ 2544 ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ। ਸੂਬੇ ਵਿਚ 24 ਘੰਟੇ ਵਿਚ ਇਨਫੈਕਸ਼ਨ ਦੇ 3116 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3121 ਨੇ ਕੋਰੋਨਾ ਨੂੰ ਮਾਤ ਦਿੱਤੀ। ਐਤਵਾਰ ਨੂੰ 59 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ। ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 530, ਐੱਸਏਐੱਸ ਨਗਰ (ਮੋਹਾਲੀ) ਵਿਚ 423, ਅੰਮ੍ਰਿਤਸਰ ਵਿਚ 274, ਪਟਿਆਲਾ ਵਿਚ 260, ਬਠਿੰਡਾ ਵਿਚ 252, ਜਲੰਧਰ ਵਿਚ 226, ਹੁਸ਼ਿਆਰਪੁਰ ਤੇ ਰੋਪੜ ਵਿਚ 130-130, ਫ਼ਰੀਦਕੋਟ ਵਿਚ 120, ਗੁਰਦਾਸਪੁਰ ਵਿਚ 116 ਅਤੇ ਮਾਨਸਾ ਵਿਚ 103 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਅੰਮ੍ਰਿਤਸਰ ਵਿਚ ਸਭ ਤੋਂ ਜ਼ਿਆਦਾ ਨੌਂ, ਲੁਧਿਆਣਾ ਤੇ ਸੰਗਰੂਰ ਵਿਚ ਸੱਤ-ਸੱਤ, ਹੁਸ਼ਿਆਰਪੁਰ ਵਿਚ ਛੇ, ਜਲੰਧਰ ਵਿਚ ਪੰਜ, ਮੋਹਾਲੀ ਵਿਚ ਚਾਰ, ਪਟਿਆਲਾ, ਤਰਨਤਾਰਨ, ਬਠਿੰਡਾ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਤਿੰਨ, ਤਿੰਨ, ਫ਼ਰੀਦਕੋਟ ਤੇ ਫ਼ਤਹਿਗੜ੍ਹ ਸਾਹਿਬ ਵਿਚ ਦੋ-ਦੋ ਅਤੇ ਫਾਜ਼ਿਲਕਾ ਤੇ ਕਪੂਰਥਲਾ ਵਿਚ ਇਕ-ਇਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।