India News

ਪਟਿਆਲਾ ’ਚ ਐਤਕੀਂ ਹੋਵੇਗਾ ਤਿਕੋਨਾ ਮੁਕਾਬਲਾ, ਪਰਨੀਤ ਕੌਰ ਲਈ ਵੱਡੀ ਪ੍ਰੀਖਿਆ ਦੀ ਘੜੀ

ਪਟਿਆਲਾ
ਸਾਲ 2014 ਦੀਆਂ ਆਮ ਚੋਣਾਂ ਦੌਰਾਂਨ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਹਾਰਨ ਵਾਲੇ ਪਰਨੀਤ ਕੌਰ ਲਈ ਐਤਕੀਂ ਦੀਆਂ ਸੰਸਦੀ ਚੋਣਾਂ ਇੱਕ ਵੱਡੀ ਪ੍ਰੀਖਿਆ ਦੀ ਘੜੀ ਹਨ। ਇਸ ਵਾਰ ਇਸ ਸੀਟ ਉੱਤੇ ਮੁਕਾਬਲਾ ਤਿਕੋਨਾ ਰਹਿਣ ਦੇ ਆਸਾਰ ਹਨ।
ਪਹਿਲਾਂ ਪਟਿਆਲਾ ਸੀਟ ਉੱਤੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੁੰਦਾ ਸੀ ਪਰ 2014 ’ਚ ਡਾ. ਧਰਮਵੀਰ ਗਾਂਧੀ ਨੇ ਇੱਥੇ ਚੋਣ ਮੈਦਾਨ ਦੀ ਟੱਕਰ ਤਿਕੋਨੀ ਬਣਾ ਦਿੱਤੀ ਸੀ। ਉਦੋਂ ਸ੍ਰੀਮਤੀ ਪਰਨੀਤ ਕੌਰ ਪਹਿਲੀ ਵਾਰ ਹਾਰੇ ਸਨ। ਸ਼ਾਇਦ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਲਈ ਵੀ ਇਹ ਪਹਿਲੀ ਹਾਰ ਸੀ। ਪਰਨੀਤ ਕੌਰ ਇਸ ਤੋਂ ਪਹਿਲਾਂ 1999, 2004 ਤੇ 2009 ਦੌਰਾਨ ਪਟਿਆਲਾ ਤੋਂ ਐੱਮ ਪੀ ਚੁਣੇ ਗਏ ਸਨ।
ਐੱਮਪੀ ਡਾ. ਧਰਮਵੀਰ ਗਾਂਧੀ ਨੇ ਆਮ ਆਦਮੀ ਪਾਟੀ ਤੋਂ ਬਗ਼ਾਵਤ ਕਰ ਕੇ ਹੁਣ ਆਪਣੀ ਇੱਕ ਨਵੀਂ ‘ਨਵਾਂ ਪੰਜਾਬ ਪਾਰਟੀ’ ਬਣਾ ਲਈ ਹੈ। ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਜਿਹੜੇ ਕਾਰਕੁੰਨ ਪਹਿਲਾਂ ਆਮ ਆਦਮੀ ਪਾਰਟੀ ’ਚ ਸਨ, ਉਹ ਹਾਲੇ ਵੀ ਡਾ. ਗਾਂਧੀ ਨਾਲ ਹੀ ਹਨ ਤੇ ਐਤਕੀਂ ਦੀਆਂ ਚੋਣਾਂ ਲਈ ਡਟੇ ਹੋਏ ਹਨ. ਪਿਛਲੀ ਵਾਰ 2014 ਦੀਆਂ ਆਮ ਚੋਣਾਂ ਵੇਲੇ ਯੂਪੀਏ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਬਹੁਤ ਸਾਰੇ ਦੋਸ਼ ਲੱਗੇ ਹੋਏ ਸਨ ਤੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਪਰਨੀਤ ਕੌਰ ਹੁਰਾਂ ਲਈ ਚੋਣ–ਪ੍ਰਚਾਰ ਨਹੀਂ ਕਰ ਸਕੇ ਸਨ ਕਿਉਂਕਿ ਉਹ ਖ਼ੁਦ ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਟਲੀ ਵਿਰੁੱਧ ਸੰਸਦੀ ਚੋਣ ਲੜ ਰਹੇ ਸਨ। ਉਂਝ ਕਾਂਗਰਸ ਪਾਰਟੀ ਵਿੱਚ ਪਰਨੀਤ ਕੌਰ ਵਧੇਰੇ ਹਰਮਨਪਿਆਰੇ ਹਨ ਕਿਉਂਕਿ ਉਨ੍ਹਾਂ ਤੱਕ ਹਰ ਕੋਈ ਆਸਾਨੀ ਨਾਲ ਪੁੱਜ ਸਕਦਾ ਹੈ ਪਰ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਮਾਰਚ 2017 ’ਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸ੍ਰੀਮਤੀ ਪਰਨੀਤ ਕੌਰ ਹੁਣ ਤੱਕ 500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਚੁੱਕੇ ਹਨ। ਇਨ੍ਹਾਂ ਸਾਰੇ ਤੱਥਾਂ ਦੇ ਬਾਵਜੂਦ ਪਰਨੀਤ ਕੌਰ ਹੁਰਾਂ ਲਈ ਐਤਕੀਂ ਸੰਸਦੀ ਚੋਣ ਜਿੱਤਣੀ ਸੁਖਾਲੀ ਨਹੀਂ ਹੋਵੇਗੀ ਕਿਉਂਕਿ ਪਟਿਆਲਾ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਬੇਹੱਦ ਹਰਮਨਪਿਆਰੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਵੀ ਦਿਹਾਤੀ ਵੋਟ ਬੈਂਕ ਉੱਤੇ ਮਜ਼ਬੂਤ ਪਕੜ ਹੈ।
ਪਟਿਆਲਾ ਜ਼ਿਲ੍ਹੇ ਦੇ ਸਾਰੇ 8 ਵਿਧਾਨ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਆਧਾਰ ਹੈ। ਡੇਰਾ ਬੱਸੀ ਵਿਧਾਨ ਸਭਾ ਹਲਕੇ ’ਚ ਅਕਾਲੀ ਆਗੂ ਐੱਨ.ਕੇ. ਸ਼ਰਮਾ ਦਾ ਵੱਡਾ ਆਧਾਰ ਹੈ ਤੇ ਉਹ ਇਸ ਹਲਕੇ ਵਿੱਚ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਸਾਲ 2014 ਦੌਰਾਨ ਪਰਨੀਤ ਕੌਰ ਇਕੰਲੇ ਡੇਰਾ ਬੱਸੀ ਹਲਕੇ ਵਿੱਚ ਹੀ ਆਪਣੇ ਵਿਰੋਧੀ ਤੋਂ 47,000 ਵੋਟਾਂ ਪਿੱਛੇ ਸਨ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਵਿੱਚ ਇੱਕ ਫ਼ਿਕਸਡ ਮੈਚ ਖੇਡਦੇ ਰਹੇ ਹਨ ਪਰ ਹੁਣ ਲੋਕਾਂ ਕੋਲ ਇੱਕ ਵਿਕਲਪ ਹੈ। ਉੱਧਰ ਸ੍ਰੀਮਤੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਕਾਂਗਰਸ ਇਕੱਲੇ ਪਟਿਆਲੇ ਤੋਂ ਹੀ ਨਹੀਂ, ਸਮੁੱਚੇ ਪੰਜਾਬ ਤੋਂ ਹੀ ਜਿੱਤੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤਾਂ ਫੁੱਟ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ।