Punjab News

ਪਤਨੀ-ਬੇਟੇ ਤੇ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਕਰਦਾ ਰਿਹਾ ਰਾਮ ਰਹੀਮ, ਪੁਲਸ ਨੇ ਪੂਰੀ ਨਹੀਂ ਕੀਤੀ ਇੱਛਾ

ਰੋਹਤਕ– ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ’ਤੇ ਇਲਾਜ ਲਈ ਰੋਹਤਕ ਪੀ.ਜੀ.ਆਈ. ਲਿਆਏ ਗਏ ਡੇਰਾ ਮੁਖੀ ਰਾਮ ਰਹੀਮ ਨੂੰ 21 ਘੰਟਿਆਂ ਬਾਅਦ ਵੀਰਵਾਰ ਨੂੰ ਸਿਹਤ ’ਚ ਸੁਧਾਰ ਹੋਣ ’ਤੇ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ। ਇਲਾਜ ਦੌਰਾਨ ਰਾਮ ਰਹੀਮ ਨੇ ਸੁਰੱਖਿਆ ’ਚ ਤਾਇਨਾਤ ਅਧਿਕਾਰੀਆਂ ਨੂੰ ਕਈ ਵਾਰ ਹਨੀਪ੍ਰੀਤ, ਆਪਣੀ ਪਤਨੀ ਅਤੇ ਬੇਟੇ ਨੂੰ ਮਿਲਣ ਦੀ ਗੱਲ ਕਹੀ। ਜਾਂਚ ’ਚ ਸਭ ਕੁਝ ਠੀਕ ਪਾਏ ਜਾਣ ’ਤੇ ਉਸ ਨੂੰ 2:15 ਵਜੇ ਪੀ.ਜੀ.ਆਈ. ਤੋਂ ਛੁੱਟੀ ਦੇ ਦਿੱਤੀ ਗਈ। ਸਖ਼ਤ ਸੁਰੱਖਿਆ ਵਿਚਕਾਰ ਪੁਲਸ ਪ੍ਰਸ਼ਾਸਨ ਨੇ ਰਾਮ ਰਹੀਮ ਨੂੰ 3:15 ਵਜੇ ਜੇਲ੍ਹ ਪਹੁੰਚਾ ਦਿੱਤਾ। ਸਾਧਵੀਆਂ ਦੇ ਯੌਨ ਸ਼ੋਸ਼ਣ ਦੇ ਮਾਮਲਿਆਂ ’ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਿਹਤ ਵਿਗੜਨ ’ਤੇ ਬੁੱਧਵਾਰ ਨੂੰ ਪੀ.ਜੀ.ਆਈ. ਦੇ ਚਾਰ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਸੀ। ਜਾਂਚ ਤੋਂ ਬਾਅਦ ਟੀਮ ਨੇ ਉਸ ਨੂੰ ਇਲਾਜ ਦੀ ਲੋੜ ਦੱਸੀ। ਇਸ ਤੋਂ ਬਾਅਦ ਬੁੱਧਵਾਰ ਨੂੰ 6 ਵਜੇ ਉਸ ਨੂੰ ਪੀ.ਜੀ.ਆਈ. ਵਾਰਡ-7 ’ਚ ਦਾਖਲ ਕਰਵਾਇਆ ਗਿਆ ਸੀ। 

ਸੂਤਰਾਂ ਮੁਤਾਬਕ, ਰਾਤ ਨੂੰ 1 ਵਜੇ ਦੇ ਕਰੀਬ ਉਸ ਨੇ ਉਥੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਉਸ ਨੂੰ ਘਬਰਾਹਟ ਹੋ ਰਹੀ ਹੈ। ਉਹ ਆਪਣੀ ਪਤਨੀ, ਬੇਟੇ ਅਤੇ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ। ਪੁਲਸ ਪ੍ਰਸ਼ਾਸਨ ਨੇ ਉਸ ਦੀ ਜ਼ਿੱਦ ਨਹੀਂ ਮੰਨੀ। ਸਵੇਰੇ ਵੀ ਰਾਮ ਰਹੀਮ ਨੇ ਪਤਨੀ-ਬੇਟੇ ਅਤੇ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਕੀਤੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਹੀ ਉਹ ਕਿਸੇ ਨੂੰ ਮਿਲ ਸਕਦਾ ਹੈ। ਦੁਪਹਿਰ 12 ਵਜੇ ਤਕ ਉਸ ਦਾ ਜਾਂਚ ਕੀਤੀ ਗਈ। ਸਭ ਕੁਝ ਸਾਧਾਰਣ ਪਾਏ ਜਾਣ ’ਤੇ ਉਸ ਨੂੰ ਪੀ.ਜੀ.ਆਈ. ਤੋਂ ਛੁੱਟੀ ਦੇ ਦਿੱਤੀ ਗਈ। ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ 120 ਪੁਲਸ ਜਵਾਨ ਅਤੇ ਇਕ ਡੀ.ਐੱਸ.ਪੀ. ਦੀ ਤਾਇਨਾਤੀ ਕੀਤੀ ਗਈ ਸੀ। ਨਾਲ ਹੀ ਉਸ ਨੂੰ ਜਿਸ ਵਾਰਡ ’ਚ ਇਲਾਜ ਲਈ ਰੱਖਿਆ ਗਿਆ ਸੀ, ਉਥੇ ਪੁਲਸ ਨੇ ਅਲੱਗ ਤੋਂ ਕੈਮਰੇ ਲਗਾਏ ਸਨ। 

ਉਸ ਕੋਲ ਆਉਣ-ਜਾਣ ਵਾਲੇ ਪੁਲਸ ਅਧਿਕਾਰੀਆਂ ਤੋਂ ਲੈ ਕੇ ਡਾਕਟਰਾਂ ਅਤੇ ਨਰਸਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਸੀ। ਉਥੇ ਹੀ ਰੋਹਤਕ ਪੁਲਸ ਲਗਾਤਾਰ ਸਿਰਸਾ ਪੁਲਸ ਦੇ ਸੰਪਰਕ ’ਚ ਸੀ। ਡੇਰੇ ਦੀਆਂ ਗਤੀਵਿਧੀਆਂ ਅਤੇ ਰਾਮ ਰਹੀਮ ਦੇ ਚੇਲਿਆਂ ’ਤੇ ਵੀ ਪੁਲਸ ਦੀ ਨਜ਼ਰ ਸੀ। ਪੁਲਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਸ ਦੇ ਚੇਲੇ ਪੀ.ਜੀ.ਆਈ. ਆ ਸਕਦੇ ਸਨ। ਇਸ ਲਈ ਸਖ਼ਤੀ ਵਰਤੀ ਗਈ।