World

ਪਾਕਿਸਤਾਨ ਅੱਤਵਾਦ ਦਾ ਗੜ੍ਹ, ਕਸ਼ਮੀਰ ਬਾਰੇ ਫੈਲਾਉਂਦਾ ਹੈ ਗਲਤ ਬਿਆਨਬਾਜ਼ੀ : ਭਾਰਤ

ਸੰਯੁਕਤ ਰਾਸ਼ਟਰ — ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਹੈ ਕਿ ਪਾਕਿਸਤਾਨ, ਅੱਤਵਾਦ ਦਾ ਗੜ੍ਹ ਹੈ ਅਤੇ ਕਸ਼ਮੀਰ ਬਾਰੇ ਗਲਤ ਬਿਆਨਬਾਜ਼ੀ ਕਰਨ ਦੀਆਂ ਉਸ ਦੀਆਂ ਚਾਲਬਾਜ਼ ਕੋਸ਼ਿਸ਼ਾਂ ਹਮੇਸ਼ਾ ਨਾਕਾਮ ਰਹੀਆਂ ਹਨ। ਆਪਣੇ ‘ਜਵਾਬ ਦਾ ਅਧਿਕਾਰ’ ਵਿਚ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਫਿਰ ਤੋਂ ਚੁੱਕਣ ਦੇ ਜਵਾਬ ‘ਚ ਭਾਰਤ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਪਾਕਿਸਤਾਨ ਦੇ ਵਾਰ-ਵਾਰ ਇਹ ਕਹਿਣ ‘ਤੇ ਕਿ ਕਸ਼ਮੀਰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸੀ, ਭਾਰਤ ਨੇ ਕੱਲ ਭਾਵ ਸੋਮਵਾਰ ਨੂੰ ਆਯੋਜਿਤ ਆਮ ਸਭਾ ਦੀ ਚਰਚਾ ਤੋਂ ਬਾਅਦ ਆਪਣੇ ‘ਜਵਾਬ ਦੇ ਅਧਿਕਾਰ’ ਦੀ ਵਰਤੋਂ ਕਰਦੇ ਹੋਏ ਇਹ ਟਿੱਪਣੀ ਕੀਤੀ।
ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਸੰਦੀਪ ਕੁਮਾਰ ਨੇ ਭਾਰਤ ਦੇ ਉੱਤਰ ਦੇਣ ਦੇ ਆਪਣੇ ਅਧਿਕਾਰ ਵਿਚ ਕਿਹਾ ਕਿ ਅੱਤਵਾਦ ਦੇ ਗੜ੍ਹ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਬਾਰੇ ਵਾਰ-ਵਾਰ ਗਲਤ ਬਿਆਨਬਾਜ਼ੀ ਫੈਲਾਉਣ ਅਤੇ ਉਸ ਦੀਆਂ ਚਾਲਬਾਜ਼ ਕੋਸ਼ਿਸ਼ਾਂ ਪਹਿਲਾਂ ਵਾਂਗ ਇਸ ਵਾਰ ਵੀ ਨਾਕਾਮ ਰਹੀਆਂ ਹਨ। ਇਸ ਵਿਚ ਉਹ ਕਦੇ ਸਫਲ ਨਹੀਂ ਹੋ ਸਕੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਇਸ ਸੰਬੰਧ ਵਿਚ ਅੱਗੇ ਹੋਰ ਉਲਝਣਾ ਨਹੀਂ ਚਾਹੇਗਾ।