World

ਪਾਕਿਸਤਾਨ ਦੇ PM ਇਮਰਾਨ ਖਾਨ ਨੂੰ ਪਸੰਦ ਹੈ ਚੀਨੀ ਸਿਸਟਮ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਦੇ ਇਕ ਪਾਰਟੀ ਸ਼ਾਸਨ ਦਾ ਇਕ ਅਨੋਖਾ ਮਾਡਲ ਕਰਾਰ ਦਿੱਤਾ ਹੈ, ਜੋ ਪੱਛਮੀ ਚੋਣਾਵੀ ਲੋਕਤੰਤਰਾਂ ਦਾ ਇਕ ਬਦਲ ਹੈ। ਉਨ੍ਹਾਂ ਨੇ ਵੀਰਵਾਰ ਨੂੰ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਰੋਹ ਦੇ ਅਧੀਨ ਇਸਲਾਮਾਬਾਦ ‘ਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ,”ਹੁਣ ਤੱਕ ਸਾਨੂੰ ਦੱਸਿਆ ਗਿਆ ਸੀ ਕਿ ਸਮਾਜ ‘ਚ ਸੁਧਾਰ ਦਾ ਸਭ ਤੋਂ ਚੰਗਾ ਤਰੀਕਾ ਪੱਛਮੀ ਲੋਕਤੰਤਰ ਦੇ ਮਾਧਿਅਮ ਨਾਲ ਸੀ।” ਉਨ੍ਹਾਂ ਕਿਹਾ,”ਇਕ ਲੰਬੇ ਸੰਘਰਸ਼ ਤੋਂ ਲੰਘਣ ਤੋਂ ਬਾਅਦ ਹੀ ਕੋਈ ਨੇਤਾ ਬਣ ਸਕਦਾ ਹੈ। ਇਹ ਪ੍ਰਕਿਰਿਆ ਪੱਛਮੀ ਲੋਕਤੰਤਰਾਂ ‘ਚ ਮੌਜੂਦ ਨਹੀਂ ਹੈ। ਇਕ ਅਮਰੀਕੀ ਰਾਸ਼ਟਰਪਤੀ ਇਸ ਕਠੋਰ ਪ੍ਰਕਿਰਿਆ ‘ਚੋਂ ਨਹੀਂ ਲੰਘਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸ਼ੀ ਜਿਨਪਿੰਗ ਵਰਗੇ ਨੇਤਾ ਸਿਖ਼ਰ ‘ਤੇ ਪਹੁੰਚਦੇ ਹਨ ਤਾਂ ਉਹ ਪੂਰੀ ਤਰ੍ਹਾਂ ਨਾਲ ਵਿਵਸਥਾ ਨੂੰ ਸਮਝਣ ‘ਚ ਸਮਰੱਥ ਹੁੰਦੇ ਹਨ, ਇਹ ਅਜਿਹੀ ਵਿਸ਼ੇਸ਼ਤਾ ਹੈ, ਜੋ ਚੀਨ ਲਈ ‘ਵਿਲੱਖਣ’ ਹੈ।

ਪਾਕਿਸਤਾਨੀ ਪੀ.ਐੱਮ. ਨੇ ਕਿਹਾ,”ਕਿਉਂਕਿ ਚੀਨ ਨਾਲ ਸਾਡਾ ਮਜ਼ਬੂਤ ਸੰਬੰਧ ਹੈ ਅਤੇ ਸਾਡੇ ਸੰਬੰਧ ਵਿਸ਼ਵਾਸ ‘ਤੇ ਆਧਾਰਤ ਹਨ। ਇਸ ਲਈ ਅਸੀਂ ਚੀਨ ਦੇ ਉਈਗਰ ਮੁਸਲਮਾਨਾਂ ਨੂੰ ਲੈ ਕੇ ਕਹੀ ਗੱਲ ‘ਤੇ ਭਰੋਸਾ ਕਰਦੇ ਹਾਂ। ਜੋ ਉਹ ਆਪਣੇ ਸ਼ਿਨਜਿਆਂਗ ‘ਚ ਚਲਾਏ ਜਾ ਰਹੇ ਪ੍ਰੋਗਰਾਮ ਬਾਰੇ ਕਹਿੰਦੇ ਹਨ, ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ।” ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਸੰਬੰਧ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਸਾਡਾ ਸੰਬੰਧ ਦੋ-ਪੱਖੀ ਹੈ ਅਤੇ ਇਹ ਬੇਹੱਦ ਮਜ਼ਬੂਤ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਚੀਨ ਨੂੰ ਆਪਣਾ ਆਇਰਨ ਬ੍ਰਦਰ ਦੱਸਦਾ ਹੈ। ਚੀਨ ਨੇ ਪਾਕਿਸਤਾਨ ‘ਚ ਸੀ.ਪੀ.ਈ.ਸੀ. ਪ੍ਰਾਜੈਕਟ ਲਈ 60 ਅਰਬ ਡਾਲਰ ਨਿਵੇਸ਼ ਕਰ ਰੱਖਿਆ ਹੈ। ਇਹੀ ਨਹੀਂ ਚੀਨ ਪਾਕਿਸਤਾਨ ਨੂੰ ਸਮੇਂ-ਸਮੇਂ ‘ਤੇ ਕਰਜ਼ ਦਿੰਦਾ ਰਹਿੰਦਾ ਹੈ।