World

ਪਾਕਿ ਫੌਜ ਮੁਖੀ ਨੇ 12 ਅੱਤਵਾਦੀਆਂ ਨੂੰ ਸੁਣਾਈ ਮੌਤ ਦੀ ਸਜ਼ਾ

ਲਾਹੌਰ — ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਨੂੰ 12 ਖਤਰਨਾਕ ਅੱਤਵਾਦੀਆਂ ਲਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੇ ਅੱਤਵਾਦੀ ਦੇਸ਼ ਵਿਚ ਹੋਈਆਂ ਵੱਖ-ਵੱਖ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਸਨ। ਅਧਿਕਾਰਿਕ ਰਿਪੋਰਟਾਂ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਜਨਰਲ ਬਾਜਵਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਬੀਤੇ ਦਿਨੀਂ ਵਿੱਤੀ ਕਾਰਵਾਈ ਟਾਸਕ ਫੋਰਸ (FATF) ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਸ਼ਾਮਲ ਕੀਤਾ ਹੈ।
ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲਸ਼ੇਨਜ਼ (ਆਈ.ਐੱਸ.ਪੀ.ਆਰ.) ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਆਈ.ਐੱਸ.ਪੀ.ਆਰ. ਨੇ ਆਪਣੇ ਇਸ ਬਿਆਨ ਵਿਚ ਕਿਹਾ ਹੈ ਕਿ ਜਨਰਲ ਬਾਜਵਾ ਨੇ 6 ਹੋਰ ਅੱਤਵਾਦੀਆਂ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਨੂੰ ਵਿਗਾੜਨ ਦਾ ਕੰਮ ਕੀਤਾ ਹੈ। ਜਿਹੜੇ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਹ ਫੌਜ ਦੇ ਇਲਾਵਾ ਨਾਗਰਿਕਾਂ ਅਤੇ ਏਜੰਸੀਆਂ ਨਾਲ ਜੁੜੇ ਕਰਮਚਾਰੀਆਂ ‘ਤੇ ਹੋਏ ਹਮਲਿਆਂ ਵਿਚ ਵੀ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿਚ 26 ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 133 ਲੋਕ ਜ਼ਖਮੀ ਹੋਏ ਸਨ। ਫੌਜ ਮੁਖੀ ਵੱਲੋਂ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਦੋਸ਼ੀਆਂ ਨੂੰ ਮਿਲਟਰੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਮਿਲਟਰੀ ਕੋਰਟ ਦੀ ਸ਼ੁਰੂਆਤ ਦਸੰਬਰ 2014 ਵਿਚ ਪੇਸ਼ਾਵਰ ਸਥਿਤ ਆਰਮੀ ਸਕੂਲ ‘ਤੇ ਅੱਤਵਾਦੀ ਹਮਲੇ ਮਗਰੋਂ ਹੋਈ ਸੀ।