World

ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਨਹੀਂ ਰਹਿਣਗੇ ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਦੋ ਸਹਾਇਕਾਂ ਦੇ ਨਾਲ ਆਪਣੇ ਫੌਜੀ ਸਕੱਤਰ ਦੇ ਤਿੰਨ ਕਮਰੇ ਦੇ ਮਕਾਨ ਵਿਚ ਸ਼ਿਫਟ ਹੋ ਗਏ। ਇਸ ਤੋਂ ਇਕ ਦਿਨ ਪਹਿਲਾਂ ਕਲ ਉਨ੍ਹਾਂ ਨੇ ਐਲਾਨ ਦਿੱਤਾ ਸੀ ਕਿ ਉਹ ਵਿਸ਼ਾਲ ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਨਹੀਂ ਰਹਿਣਗੇ। ਉਨ੍ਹਾਂ ਨੇ ਸਰਕਾਰੀ ਖਰਚੇ ਵਿਚ ਕਟੌਤੀ ਦਾ ਤਹੱਈਆ ਕੀਤਾ ਸੀ।

ਖਾਨ ਨੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿਚ ਮੁਲਕ ਦੇ ਖਰਚੇ ਦੇ ਨਾਲ ਹੀ ਆਪਣੇ ਉਪਰ ਹੋਣ ਵਾਲੇ ਖਰਚੇ ਵਿਚ ਕੰਜੂਸੀ ਵਰਤਣ ਬਾਰੇ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਾਨੀਗਾਲਾ ਵਿਚ ਆਪਣੀ ਰਿਹਾਇਸ਼ ਵਿਚ ਰਹਿਣਾ ਚਾਹੁੰਦੇ ਸਨ ਪਰ ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਹ ਇਥੇ ਨਾ ਰਹਿਣ। ਜੀਓ ਨਿਊਜ਼ ਦੀ ਖਬਰ ਮੁਤਾਬਕ ਖਾਨ ਅੱਜ ਫੌਜੀ ਸਕੱਤਰ ਦੀ ਅਧਿਕਾਰਤ ਰਿਹਾਇਸ਼ ਵਿਚ ਸ਼ਿਫਟ ਹੋ ਗਏ।

ਖਾਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਕਿਹਾ ਸੀ ਕਿ ਪੰਜਾਬ ਸਥਿਤ ਮੁੱਖ ਮੰਤਰੀ ਦੇ ਐਨੇਕਸ ਦੀ ਵਰਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਜੋਂ ਕੀਤੀ ਜਾਵੇਗੀ। ਹਾਲਾਂਕਿ ਬਾਅਦ ਵਿਚ ਖਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਫੌਜੀ ਸਕੱਤਰ ਦੀ ਰਿਹਾਇਸ਼ ਵਿਚ ਰਹਿਣ ਦਾ ਫੈਸਲਾ ਕੀਤਾ। ਪਾਕਿ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਪੀ.ਐਮ. ਹਾਊਸ ਕਾਲੋਨੀ ਵਿਚ ਸਥਿਤ ਹੈ ਅਤੇ ਮੀਡੀਆ ਵਿਚ ਚਲ ਰਹੀਆਂ ਖਬਰਾਂ ਮੁਤਾਬਕ ਉਹ ਐਤਵਾਰ ਨੂੰ ਬਾਨੀਗਾਲਾ ਵਿਚ ਰਿਹਾ ਕਰਨਗੇ।