World

ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਣਗੇ 30 ਲੋਕ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-  99 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਵਿਚ ਇਸ ਸ਼ਨੀਵਾਰ ਨੂੰ 30 ਲੋਕ ਸ਼ਾਮਲ ਹੋਣਗੇ। ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਜ਼ਿਆਦਾ ਲੋਕਾਂ ਨੂੰ ਸੰਸਕਾਰ ਮੌਕੇ ਸ਼ਾਮਲ ਹੋਣ ਦੀ ਆਗਿਆ ਨਹੀਂ ਹੈ। ਇਸ ਲਈ ਇਸ ਸੂਚੀ ਵਿਚ ਪਰਿਵਾਰਕ ਅਤੇ ਨੇੜਲੇ ਮੈਂਬਰ ਹੀ ਸ਼ਾਮਲ ਹਨ। ਇਸ ਮੌਕੇ ਫਿਲਿਪ ਦੇ ਬੱਚੇ ਪ੍ਰਿੰਸ ਚਾਰਲਸ, ਪ੍ਰਿੰਸ ਆਫ ਵੇਲਜ਼, ਡਚੇਸ ਆਫ ਕੋਰਨਵਾਲ, ਖੁਦ ਮਹਾਰਾਣੀ, ਰਾਜਕੁਮਾਰੀ ਐਨ, ਰਾਜਕੁਮਾਰੀ ਰਾਇਲ, ਪ੍ਰਿੰਸ ਐਡਵਰਡ ਅਤੇ ਪ੍ਰਿੰਸ ਐਂਡਰਿਊ ਦੇ ਨਾਲ ਸ਼ਿਰਕਤ ਕਰਨਗੇ।

ਇਸ ਦੇ ਇਲਾਵਾ ਹੋਰ ਸਖਸ਼ੀਅਤਾਂ ਵਿਚ ਡਿਊਕ ਆਫ ਕੈਂਮਬ੍ਰਿਜ, ਪ੍ਰਿੰਸ ਵਿਲੀਅਮ ਅਤੇ ਪਤਨੀ ਕੇਟ ਮਿਡਲਟਨ ਦੇ ਨਾਲ ਪ੍ਰਿੰਸੈਸ ਯੂਜਨੀ ਅਤੇ ਬੀਟਰਿਸ ਵੀ ਸ਼ਾਮਲ ਹਨ। ਸਵਾਨਾ ਅਤੇ ਇਸਲਾ ਫਿਲਿਪਸ, ਪ੍ਰਿੰਸ ਜਾਰਜ, ਰਾਜਕੁਮਾਰੀ ਸ਼ਾਰਲਟ ਅਤੇ ਕੈਮਬ੍ਰਿਜ ਦੇ ਪ੍ਰਿੰਸ ਲੂਯਿਸ, ਮੀਆਂ, ਲੀਨਾ ਅਤੇ ਲੁਕਾਸ ਟਿੰਡਲ, ਆਰਚੀ ਮਾਊਂਟਬੈਟਨ ਵਿੰਡਸਰ ਅਤੇ ਅਗਸਤ ਬਰੂਕਸਬੈਂਕ ਵੀ ਸੂਚੀ ਵਿਚ ਹਨ। ਇਸ ਦੇ ਇਲਾਵਾ ਹੈਰੀ ਵੀ ਅੰਤਿਮ ਸੰਸਕਾਰ ਲਈ ਯੂਕੇ ਵਾਪਸ ਆਏ ਹਨ। ਜਦਕਿ ਡਾਊਨਿੰਗ ਸਟ੍ਰੀਟ ਅਨੁਸਾਰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਟੈਲੀਵਿਜ਼ਨ ‘ਤੇ ਡਿਊਕ ਆਫ ਐਡਿਨਬਰਾ ਦਾ ਅੰਤਿਮ ਸੰਸਕਾਰ ਵੇਖਣਗੇ। ਸਰਕਾਰ ਅਤੇ ਸ਼ਾਹੀ ਪਰਿਵਾਰ ਦੁਆਰਾ ਲੋਕਾਂ ਨੂੰ ਵੀ ਘਰ ਤੋਂ ਹੀ ਪ੍ਰਿੰਸ ਫਿਲਿਪ ਦੀ ਅੰਤਿਮ ਯਾਤਰਾ ਵੇਖਣ ਦੀ ਅਪੀਲ ਕੀਤੀ ਗਈ ਹੈ।