World

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ, ਬਣੀ ਇੰਗਲੈਂਡ ਦੇ ਰੈਡਬਰਿਜ ਦੀ ਮੇਅਰ

ਟਾਂਡਾ ਉੜਮੁੜ -ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਨੇ ਇੰਗਲੈਂਡ ਦੇ ਰੈਡਬਰਿਜ ਦੀ ਮੇਅਰ ਬਣ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਕੇ ਉਨ੍ਹਾਂ ਪੰਜਾਬੀਆਂ ‘ਚ ਆਪਣਾ ਨਾਮ ਸ਼ੁਮਾਰ ਕੀਤਾ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ‘ਚ ਵੱਡੀਆਂ ਬੁਲੰਦੀਆਂ ਸਰ ਕੀਤੀਆਂ ਹਨ। ਬੀਤੇ ਦਿਨ ਜਦੋਂ ਪਿੰਡ ਦੀ ਨੂੰਹ ਨੇ ਜਦੋਂ ਮੇਅਰ ਦੇ ਰੂਪ ‘ਚ ਸਹੁੰ ਚੁੱਕੀ ਤਾਂ ਉਸ ਸਮੇਂ ਪਿੰਡ ‘ਚ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਥਿਆੜਾ ‘ਚ ਖੁਸ਼ੀ ਦੀ ਲਹਿਰ ਸੀ। ਪਰਿਵਾਰ ਦੇ ਮੈਂਬਰ ਡਾਇਰੈਕਟਰ ਸ਼ੂਗਰ ਫੈੱਡ ਪੰਜਾਬ ਅਤੇ ਅਕਾਲੀ ਆਗੂ ਗੁਰਕਵਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਦਲਬੀਰ ਕੌਰ ਥਿਆੜਾ ਪਤਨੀ ਗੁਰਨਾਮ ਸਿੰਘ ਥਿਆੜਾ ਲੇਬਰ ਪਾਰਟੀ ਵੱਲੋਂ 2011 ‘ਚ ਅਲਡਬੋਰੋਫ ਵਾਰਡ ਤੋਂ ਕੌਂਸਲਰ ਬਣੇ ਸਨ ਅਤੇ ਹੁਣ ਫਿਰ ਇਸ ਵਾਰਡ ‘ਚ ਜਿੱਤ ਹਾਸਲ ਕਰਕੇ ਉਹ ਰੈਡਬਰਿਜ ਨਗਰ ਦੇ ਮੇਅਰ ਬਣੇ ਹਨ। ਸੋਢੀ ਨੇ ਦੱਸਿਆ ਕਿ 30 ਸਾਲ ਸਰਕਾਰੀ ਸੇਵਾਵਾਂ ਦੇਣ ਤੋਂ ਬਾਅਦ ਦਲਬੀਰ ਕੌਰ ਥਿਆੜਾ 1976 ਤੋਂ ਹੀ ਏਲਹੈਪ ਸੰਸਥਾ ਰਾਹੀਂ ਉੱਤਰ ਪੱਛਮ ਲੰਡਨ ਅਤੇ ਐਸੈਕਸ ਇਲਾਕੇ ‘ਚ ਹਜ਼ਾਰਾਂ ਅਪਾਹਜ ਬੱਚਿਆਂ ਦੀ ਬਿਹਤਰੀ ਲਈ ਅਤੇ ਹੋਰ ਸਮਾਜ ਸੇਵੀ ਕੰਮਾਂ ‘ਚ ਲੱਗੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਦਲਬੀਰ ਕੌਰ ਦੇ ਮੇਅਰ ਬਣਨ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਿਆ ਹੈ | ਦਲਬੀਰ ਕੌਰ ਥਿਆੜਾ ਦੇ ਮੇਅਰ ਬਣਨ ਤੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲਰਾਠਾਂ, ਜਸਜੀਤ ਸਿੰਘ ਥਿਆੜਾ, ਹਰਜਿੰਦਰ ਸਿੰਘ ਧਾਮੀ, ਜਤਿੰਦਰ ਸਿੰਘ ਲਾਲੀ ਬਾਜਵਾ, ਅਰਵਿੰਦਰ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ ਥਿਆੜਾ, ਨਿਰਮਲ ਸਿੰਘ ਮੱਲੀ, ਪਰਮਿੰਦਰ ਸਿੰਘ, ਸਤਨਾਮ ਸਿੰਘ ਢਿੱਲੋਂ, ਨੰਬਰਦਾਰ ਜਸਪਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਥਿਆੜਾ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।