World

ਪੰਜਾਬ ਦੀ ਵਕੀਲ ਨੂੰ ‘ਪ੍ਰਿੰਸ ਹੈਰੀ’ ਨਾਲ ਹੋਇਆ ਪਿਆਰ, ਵਿਆਹ ਕਰਵਾਉਣ ਲਈ ਪੁੱਜੀ ਹਾਈਕੋਰਟ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਉਸ ਵੇਲੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ, ਜਦੋਂ ਬ੍ਰਿਟੇਨ ਦੇ ਸ਼ਾਹੀ ਘਰਾਣੇ ਦੇ ਪ੍ਰਿੰਸ ਹੈਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਅਸਲ ‘ਚ ਹਾਈਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ ਕਰਤਾ ਦਾ ਕਹਿਣਾ ਸੀ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਜੋ ਉਸ ਨੇ ਨਹੀਂ ਨਿਭਾਇਆ।

ਇਸ ਦੇ ਨਾਲ ਹੀ ਉਸ ਨੇ ਪ੍ਰਿੰਸ ਹੈਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਪਟੀਸ਼ਨ ਕਰਤਾ ਖੁੱਲ੍ਹੀਆਂ ਅੱਖਾਂ ਨਾਲ ਸੁਫ਼ਨਾ ਦੇਖ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਟੀਸ਼ਨ ਕਰਤਾ ਖ਼ੁਦ ਇਕ ਵਕੀਲ ਹੈ, ਜੋ ਕਿ ਖ਼ੁਦ ਆਪਣਾ ਮੁਕੱਦਮਾ ਲੜਨ ਲਈ ਅਦਾਲਤ ਪਹੁੰਚੀ ਸੀ। ਅਦਾਲਤ ਨੇ ਵਿਸ਼ੇਸ਼ ਅਪੀਲ ‘ਤੇ ਇਸ ਮਾਮਲੇ ਦੀ ਨਿੱਜੀ ਸੁਣਵਾਈ ਲਈ ਮਨਜ਼ੂਰੀ ਦੇ ਦਿੱਤੀ।

ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਪਟੀਸ਼ਨ ਸਿਰਫ ਪ੍ਰਿੰਸ ਹੈਰੀ ਨਾਲ ਵਿਆਹ ਕਰਨ ਲਈ ਦਿਨ ‘ਚ ਦੇਖੇ ਗਏ ਸੁਫ਼ਨੇ ਦੀ ਤਰ੍ਹਾਂ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨ ਬੇਹੱਦ ਹੀ ਖ਼ਰਾਬ ਤਰੀਕੇ ਨਾਲ ਤਿਆਰ ਕੀਤੀ ਗਈ ਹੈ। ਜਦੋਂ ਅਦਾਲਤ ਨੇ ਪੁੱਛਿਆ ਕਿ ਪਟੀਸ਼ਨ ਕਰਤਾ ਕਦੇ ਬ੍ਰਿਟੇਨ ਗਈ ਸੀ ਤਾਂ ਉਸ ਨੇ ਨਹੀਂ ‘ਚ ਜਵਾਬ ਦਿੱਤਾ। ਪਟੀਸ਼ਨ ਕਰਤਾ ਨੇ ਕਿਹਾ ਕਿ ਸਿਰਫ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੀ ਉਸ ਦੀ ਪ੍ਰਿੰਸ ਹੈਰੀ ਨਾਲ ਗੱਲ ਹੋਈ ਸੀ।

ਉਸ ਨੇ ਕੁੱਝ ਈ-ਮੇਲ ਵੀ ਅਦਾਲਤ ਨੂੰ ਦਿਖਾਏ। ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਜੱਜ ਅਰਵਿੰਦ ਸਿੰਘ ਸਾਂਗਵਾਨ ਨੇ ਕਿਹਾ ਕਿ ਇਹ ਕੋਈ ਲੁਕਿਆ ਹੋਇਆ ਤੱਥ ਨਹੀਂ ਕਿ ਫੇਸਬੁੱਕ, ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ‘ਤੇ ਫੇਕ ਆਈ. ਡੀ. ਬਣਾਈ ਜਾਂਦੀ ਹੈ। ਇਹ ਸੰਭਵ ਹੈ ਕਿ ਇਹ ਪ੍ਰਿੰਸ ਹੈਰੀ ਪੰਜਾਬ ਦੇ ਕਿਸੇ ਪਿੰਡ ‘ਚ ਬੈਠਿਆ ਹੋਵੇ ਅਤੇ ਆਪਣੇ ਲਈ ਕੁੱਝ ਬਿਹਤਰ ਖੋਜ ਰਿਹਾ ਹੋਵੇ।