India News

ਪੰਜਾਬ ਪੁਲਿਸ ਨੇ ਅਰੰਭੀ ਦੋ ਗੈਂਗਸਟਰਾਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ

ਅੰਮ੍ਰਿਤਸਰ
ਪੰਜਾਬ ਪੁਲਿਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਪਵਿੱਤਰ ਸਿੰਘ ਤੇ ਉਸ ਦੇ ਨੇੜਲੇ ਸਾਥੀ ਹੁਸਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਬਦਨਾਮ ਪਵਿੱਤਰ ਗਿਰੋਹ ਦੇ ਮੈਂਬਰ ਹਨ ਤੇ ਪਵਿੱਤਰ ਸਿੰਘ ਉਸ ਗਿਰੋਹ ਦਾ ਸਰਗਨਾ ਹੈ। ਪੰਜਾਬ ਪੁਲਿਸ ਨੇ ਹੁਣ ਇੰਟਰਪੋਲ ਤੋਂ ਉਨ੍ਹਾਂ ਦੋਵਾਂ ਵਿਰੁੱਧ ‘ਰੈੱਡ ਕਾਰਨਰ ਨੋਟਿਸ’ ਜਾਰੀ ਕਰਵਾਉਣ ਦੀ ਪ੍ਰ੍ਕਿਰਿਆ ਸ਼ੁਰੂ ਕੀਤੀ ਹੈ। ਇਹ ਦੋਵੇਂ ਪਿਛਲੇ ਛੇ ਮਹੀਨਿਆਂ ਤੋਂ ਅਮਰੀਕਾ ’ਚ ਹੀ ਰਹਿ ਰਹੇ ਦੱਸੇ ਜਾਂਦੇ ਹਲ।
ਹਾਲੇ ਸ਼ੁੱਕਰਵਾਰ ਨੂੰ ਹੀ ਪੰਜਾਬ ਪੁਲਿਸ ਨੂੰ ਇੱਕ ਹੋਰ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਆਰਮੀਨੀਆ ਤੋਂ ਵਾਪਸ ਲਿਆਉਣ ’ਚ ਸਫ਼ਲਤਾ ਮਿਲੀ ਸੀ।
ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਇੱਕ ਬੇਹੱਦ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਰਹੇ ਹਨ ਤੇ ਉਹ ਕਤਲਾਂ, ਕਾਤਲਾਨਾ ਹਮਲਿਆਂ ਤੇ ਫਿਰੌਤੀ ਦੇ ਇੱਕ ਦਰਜਨ ਦੇ ਲਗਭਗ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੇ ਹਨ। ਪੰਜਾਬ ਪੁਲਿਸ ਹੁਣ ਇਨ੍ਹਾਂ ਦੋਵਾਂ ਲਈ ‘ਲੁੱਕਆਊਟ ਸਰਕੂਲਰ’ ਵੀ ਜਾਰੀ ਕਰਵਾਉਣ ਜਾ ਰਹੀ ਹੈ।
ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਉਦੋਂ ਪਹਿਲੀ ਵਾਰ ਸੋਚਿਆ ਸੀ, ਜਦੋਂ ਉਨ੍ਹਾਂ ਦਾ ਨਾਂਅ ਬੀਤੀ 19 ਨਵੰਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਪੰਡੂਰੀ ਵਿਖੇ ਕੀਤੇ 26 ਸਾਲਾ ਨੌਜਵਾਨ ਮਨਦੀਪ ਸਿੰਘ ਦੇ ਕਤਲ ’ਚ ਬੋਲਿਆ ਸੀ। ਪਵਿੱਤਰ ਗਿਰੋਹ ਦੇ ਇੱਕ ਮੈਂਬਰ ਹਰਵਿੰਦਰ ਸਿੰਘ ਸੰਧੂ ਨੇ ਫ਼ੇਸਬੁੱਕ ਦੀ ਇੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਉਸ ਨੇ ਅੰਮ੍ਰਿਤਸਰ ਦੇ ਪਿੰਡ ਜੀਜੀਆਣੀ ਵਿਖੇ 18 ਸਾਲਾ ਤ੍ਰਿਪਤਪਾਲ ਉੱਤੇ ਗੋਲੀਬਾਰੀ ਕਰਨ ਦੀ ਜ਼ਿੰਮੇਵਾਰੀ ਵੀ ਕਬੂਲੀ ਸੀ। ਹਰਵਿੰਦਰ ਸਿੰਘ ਸੰਧੂ ਨੇ ਆਪਣੀ ਫ਼ੇਸਬੁੱਕ ਪੋਸਟ ’ਚ ਦਾਅਵਾ ਕੀਤਾ ਸੀ ਕਿ – ‘ਪੰਡੂਰੀ ’ਚ ਮਨਦੀਪ ਦਾ ਕਤਲ ਅਸੀਂ ਕਰਵਾਇਆ ਹੈ। ਅਸੀਂ ਆਪਣੀ ਅਣਖ ਖ਼ਾਤਰ ਉਸ ਦਾ ਕਤਲ ਕੀਤਾ ਹੈ। ਸਾਡੀ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਸੀ। ਜੇ ਅਸੀਂ 25 ਰਾਊਂਡ ਖੋਲ੍ਹ ਸਕਦੇ ਹਾਂ, ਤਾਂ ਅਸੀਂ 100 ਗੋਲ਼ੀਆਂ ਵੀ ਚਲਾ ਸਕਦੇ ਹਾਂ। ਜੇ ਭਵਿੱਖ ’ਚ ਹੋਰ ਵੀ ਕੋਈ ਅਜਿਹੀ ਗ਼ਲਤੀ ਕਰੇਗਾ, ਤਾਂ ਉਸ ਦਾ ਇਹੋ ਹਸ਼ਰ ਹੋਵੇਗਾ। ਪੁਲਿਸ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਿਸੇ ਬੇਗੁਨਾਹ ਨੂੰ ਇਸ ਕੇਸ ਵਿੱਚ ਨਹੀਂ ਫਸਾਉਣਾ ਚਾਹੀਦਾ।’
ਪੁਲਿਸ ਨੇ ਮਨਦੀਪ ਸਿੰਘ ਕਤਲ ਦੇ ਮਾਮਲੇ ਵਿੱਚ ਪਵਿੱਤਰ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਬਾਕੀ ਦੇ ਪੰਜ ਮੁਲਜ਼ਮਾਂ ਦੇ ਨਾਂਅ ਹਨ: ਹਰਮਨ ਸਿੰਘ ਵਾਸੀ ਮਜੀਠਾ, ਬਲਰਾਜ ਸਿੰਘ ਉਰਫ਼ ਬੂਰੀ ਵਾਸੀ ਬਸੰਤ ਕੋਟ ਇਲਾਕਾ – ਅੰਮ੍ਰਿਤਸਰ, ਅਮਨ ਪਹਿਲਵਾਨ ਵਾਸੀ ਪਿੰਡ ਸੈਦੋਕੇ ਅਤੇ ਸਾਗਰ ਵਾਸੀ ਅੰਮ੍ਰਿਤਸਰ।
ਇੱਕ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਵੀ ਪਤਾ ਲੱਗਾ ਹੈ ਕਿ ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਇਸ ਵੇਲੇ ਅਮਰੀਕਾ ’ਚ ਕੁਝ ਖ਼ਾਲਿਸਤਾਨ–ਪੱਖੀ ਤੱਤਾਂ ਦੇ ਸੰਪਰਕ ਵਿੱਚ ਹਨ। ਅਸੀਂ ਹੁਣ ਇਹ ਪਤਾ ਲਾ ਰਹੇ ਹਾਂ ਕਿ ਕੀ ਉਹ ਖ਼ਾਲਿਸਤਾਨ–ਪੱਖੀ ਗਤੀਵਿਧੀਆਂ ’ਚ ਵੀ ਸ਼ਾਮਲ ਹਨ ਜਾਂ ਨਹੀਂ।
ਅੰਮ੍ਰਿਤਸਰ ਦੇ ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਮਨਦੀਪ ਕਤਲ ਕੇਸ ਵਿੱਚ ਭਗੌੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀਆਂ ਜਾਰੀ ਹਨ।