India News

ਫਤਿਹਗੜ੍ਹ ਸਾਹਿਬ ਦੇ ਸਿੱਖ ਪਰਿਵਾਰ ‘ਤੇ ਅਮਰੀਕਾ ‘ਚ ਫਾਇਰਿੰਗ, ਘਰ ਵੜ ਕੇ ਚਾਰ ਮੈਂਬਰਾਂ ਦਾ ਕਤਲ

ਸਰਹਿੰਦ: ਅਮਰੀਕਾ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਕੁਝ ਹਮਲਾਵਰ ਸਿੱਖ ਪਰਿਵਾਰ ਦੇ ਘਰ ਅੰਦਰ ਦਾਖ਼ਲ ਹੋਏ ਤੇ ਸਿੱਖ ਪਰਿਵਾਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਹਮਲੇ ਨੂੰ ਨਸਲੀ ਹਿੰਸਾ ਮੰਨਣ ਤੋਂ ਇਨਕਾਰ ਕਰ ਰਹੀ ਹੈ। ਹਾਲੇ ਤਕ ਹਮਲਾਵਰ ਫੜੇ ਨਹੀਂ ਗਏ।
ਜਾਣਕਾਰੀ ਮੁਤਾਬਕ ਇਹ ਸਿੱਖ ਪਰਿਵਾਰ ਅਮਰੀਕਾ ਦੇ ਸਿਨਸਿਨਾਟੀ (ਓਹੀਓ) ਵਿੱਚ ਵੈਸਟ ਚੈਸਟਰ ਟਾਊਨਸ਼ਿਪ ਵਿੱਚ ਰਹਿੰਦਾ ਸੀ। ਹਮਲੇ ਵਿੱਚ ਪਿੰਡ ਮਹਾਦੀਆਂ ਦੇ ਹਕੀਕਤ ਸਿੰਘ, ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਤੇ ਧੀ ਸ਼ਲਿੰਦਰਜੀਤ ਕੌਰ ਸਮੇਤ ਇੱਕ ਪਿੰਡ ਘਮੰਡਗੜ੍ਹ ਤੋ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਅਮਰਜੀਤ ਕੌਰ ਦੀ ਮੌਤ ਹੋ ਗਈ। ਸਾਰਿਆਂ ਦੀਆਂ ਲਾਸ਼ਾਂ ਅਪਾਰਟਮੈਂਟ ਵਿੱਚੋਂ ਬਰਮਦ ਕਰ ਲਈਆਂ ਗਈਆਂ ਹਨ।
ਪੁਲਿਸ ਨੂੰ ਹਮਲਾਵਰਾਂ ਬਾਰੇ ਹਾਲੇ ਤਕ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ। ਪਰਿਵਾਰ ਦਾ ਇੱਕ ਮੈਂਬਰ ਜਦੋਂ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਲਾਸ਼ਾਂ ਵੇਖੀਆਂ। ਫਿਰ ਉਸ ਨੂੰ ਪੁਲਿਸ ਨੂੰ ਬੁਲਾਇਆ। ਪੁਲਿਸ ਇਸ ਨੂੰ ਨਸਲੀ ਹਮਲਾ ਨਹੀਂ ਮੰਨ ਰਹੀ। ਇਸ ਸਬੰਧੀ ਪਿੰਡ ਮਹਾਦੀਆਂ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਸਿੱਖ ਪਰਿਵਾਰ ਕਈ ਸਾਲਾਂ ਤੋਂ ਓਹੀਓ ਵਿੱਚ ਰਹਿ ਰਿਹਾ ਸੀ।