Menu

ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ— ਸ਼ਾਂਤੀ ਲਈ ਕੋਸ਼ਿਸ਼ਾਂ ਕਰੇ ਇਜ਼ਰਾਇਲ

ਪੈਰਿਸ (ਏਜੰਸੀ)— ਫਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੌਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰਨ ਨੂੰ ਕਿਹਾ ਹੈ। ਇਕ ਰਿਪੋਰਟ ਮੁਤਾਬਕ ਮੈਕਰੌਨ ਨੇ ਕਿਹਾ ਕਿ ਫਰਾਂਸ ਇਸ ਗੱਲ ਨੂੰ ਲੈ ਕੇ ਭਰੋਸੇਮੰਦ ਹੈ ਕਿ ਇਸ ਸਮੱਸਿਆ ਦਾ ਇਕ ਹੀ ਹੱਲ ਹੈ, ਉਹ ਹੈ ਦੋਹਾਂ ਸੂਬਿਆਂ ਨੂੰ ਸ਼ਾਂਤੀ ਨਾਲ ਰਹਿਣ ਦਾ ਮੌਕਾ ਮਿਲਣਾ। ਇਹ ਸਿਰਫ ਗੱਲਬਾਤ ਜ਼ਰੀਏ ਹੀ ਸੰਭਵ ਹੈ।
ਮੈਕਰੌਨ ਨੇ ਕਿਹਾ, ”ਮੇਰੀ ਨੇਤਨਯਾਹੂ ਨੂੰ ਬੇਨਤੀ ਹੈ ਕਿ ਉਹ ਫਿਲਸਤੀਨੀਆਂ ਨਾਲ ਸ਼ਾਂਤੀ ਲਈ ਇਕ ਕੋਸ਼ਿਸ਼ ਕਰਨ। ਸ਼ਾਂਤੀ ਨਾ ਹੀ ਸੰਯੁਕਤ ਰਾਸ਼ਟਰ ਅਤੇ ਨਾ ਹੀ ਫਰਾਂਸ ‘ਤੇ ਨਿਰਭਰ ਹੈ। ਇਹ ਇਜ਼ਰਾਇਲ ਅਤੇ ਫਿਲਸਤੀਨ ਦੇ ਨੇਤਾਵਾਂ ਦੀ ਅਜਿਹਾ ਕਰਨ ਦੀ ਸਮਰੱਥਾ ‘ਤੇ ਨਿਰਭਰ ਹੈ। ਇਜ਼ਰਾਇਲ ਦੇ ਉੱਚ ਨੇਤਾਵਾਂ ਨਾਲ ਸਾਂਝੇ ਪੱਤਰਕਾਰ ਸੰਮੇਲਨ ‘ਚ ਮੈਕਰੌਨ ਨੇ ਅਮਰੀਕਾ ਵਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇਣ ‘ਤੇ ਫਿਰ ਦੋਹਰਾਇਆ ਕਿ ਇਹ ਕਦਮ ਕੌਮਾਂਤਰੀ ਕਾਨੂੰਨ ਵਿਰੁੱਧ ਹੈ ਅਤੇ ਸ਼ਾਂਤੀ ਲਈ ਖਤਰਾ ਹੈ।
ਓਧਰ ਨੇਤਨਯਾਹੂ ਨੇ ਕਿਹਾ ਕਿ ਸ਼ਾਂਤੀ ਪ੍ਰਕਿਰਿਆ ਤਾਂ ਹੀ ਅੱਗੇ ਵਧ ਸਕਦੀ ਹੈ, ਜੇਕਰ ਫਿਲਸਤੀਨੀ ਇਸ ਅਸਲੀਅਤ ਨੂੰ ਮੰਨ ਲੈਣ ਕਿ ਯੇਰੂਸ਼ਲਮ ਇਜ਼ਰਾਇਲ ਦੀ ਰਾਜਧਾਨੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਲਈ ਸਭ ਤੋਂ ਜ਼ਰੂਰੀ ਦੂਜੇ ਪੱਖ ਦੇ ਅਧਿਕਾਰਾਂ ਨੂੰ ਸਮਝਣਾ ਹੈ। ਜੇਕਰ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਸ਼ਾਂਤੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਗੇ ਆ ਕੇ ਇਜ਼ਰਾਇਲ ਨਾਲ ਗੱਲਬਾਤ ਕਰਨੀ ਚਾਹੀਦੀ ਹੈ।