World

ਫਲਸਤੀਨੀ ਰਫਿਊਜ਼ੀਆਂ ਦੀ ਮਦਦ ਲਈ ਭਾਰਤ ਨੇ ਦਿੱਤੇ 50 ਲੱਖ ਡਾਲਰ

ਸੰਯੁਕਤ ਰਾਸ਼ਟਰ — ਫਲਸਤੀਨੀ ਰਫਿਊਜ਼ੀਆਂ ਦੀ ਮਦਦ ਲਈ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨਾਈਟੇਡ ਨੇਸ਼ਨਜ਼ ਰਿਲੀਫ ਐਂਡ ਵਰਕ ਏਜੰਸੀ ਫਾਰ ਫਲਸਤੀਨੀ (ਯੂ. ਐੱਨ. ਆਰ. ਡਬਲਯੂ.) ਨੂੰ 50 ਲੱਖ ਡਾਲਰ (ਕਰੀਬ 34 ਕਰੋੜ ਰੁਪਏ) ਦਿੱਤੇ ਹਨ। ਅਮਰੀਕਾ ਦੇ ਆਪਣੇ ਯੋਗਦਾਨ ਨੂੰ ਘਟ ਕਰਨ ਨਾਲ ਰਾਸ਼ੀ ਦੀ ਕਮੀ ਨਾਲ ਨਜਿੱਠ ਰਹੇ ਯੂ. ਐੱਨ. ਆਰ. ਡਬਲਯੂ. ਨੂੰ ਇਸ ਨਾਲ ਰਾਹਤ ਕਾਰਜ ਸ਼ੁਰੂ ਕਰਨ ‘ਚ ਮਦਦ ਮਿਲੇਗੀ।
ਇਸ ਸਾਲ ਮਾਰਚ ‘ਚ ਰੋਮ ‘ਚ ਹੋਏ ਇਕ ਪ੍ਰੋਗਰਾਮ ‘ਚ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ 12.5 ਲੱਖ ਡਾਲਰ ਦੇ ਆਪਣੀ ਸਹਿਯੋਗ ਨੂੰ ਵਧਾ ਕੇ 50 ਲੱਖ ਡਾਲਰ ਕਰ ਦੇਵੇਗਾ। ਯੂ. ਐੱਨ. ਆਰ. ਡਬਲਯੂ. ਦੀ ਕਮਿਸ਼ਨਰ ਪਿਅਰੇ ਕਾਰਹੇਨਬੁਹਲ ਨੇ ਸੋਮਵਾਰ ਨੂੰ ਇਥੇ ਇਕ ਪ੍ਰੋਗਰਾਮ ‘ਚ ਕਿਹਾ ਕਿ ਰਫਿਊਜ਼ੀਆਂ ਦੀ ਮਦਦ ਲਈ 25 ਕਰੋੜ ਡਾਲਰ (1705 ਕਰੋੜ ਰੁਪਏ) ਦੀ ਕਮੀ ਪੈ ਰਹੀ ਹੈ।
ਅਮਰੀਕਾ ਵੱਲੋਂ ਸਹਿਯੋਗ ਰਾਸ਼ੀ ‘ਚ ਕੀਤੀ ਗਈ ਕਟੌਤੀ ਇਸ ਦਾ ਵੱਡਾ ਕਾਰਨ ਹੈ। ਅਮਰੀਕਾ ਤੋਂ ਉਨ੍ਹਾਂ ਨੂੰ 36.5 ਕਰੋੜ ਡਾਲਰ ਮਿਲਣ ਦੀ ਉਮੀਦ ਸੀ ਪਰ ਅਮਰੀਕਾ ਨੇ ਸਿਰਫ 6.5 ਕਰੋੜ ਡਾਲਰ ਹੀ ਦਿੱਤੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ, 2018 ‘ਚ ਯੂ. ਐੱਨ. ਆਰ. ਡਬਲਯੂ. ਦੀ ਮਦਦ ‘ਚ ਕਟੌਤੀ ਦਾ ਐਲਾਨ ਕਰ ਦਿੱਤਾ ਸੀ। ਇਕ ਰਿਪੋਰਟ ਮੁਤਾਬਕ ਯੂ. ਐੱਨ. ਆਰ. ਡਬਲਯੂ. ਜਾਰਡਨ, ਲੈਬਨਾਨ, ਸੀਰੀਆ, ਗਾਜਾ ਪੱਟੀ ਅਤੇ ਵੈਸਟ ਬੈਂਕ ‘ਚ ਫੈਲੇ 53 ਲੱਖ ਫਲਸਤੀਨੀ ਰਫਿਊਜ਼ੀਆਂ ਦੀ ਮਦਦ ਕਰਦਾ ਹੈ। ਭਾਰਤ ਸਮੇਤ ਦੁਨੀਆ ਦੇ 20 ਦੇਸ਼ ਯੂ. ਐੱਨ. ਦੀ ਇਸ ਏਜੰਸੀ ਨੂੰ ਆਰਥਿਕ ਰੂਪ ਨਾਲ ਮਦਦ ਕਰਦੇ ਹਨ।