ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਨੇ ਨਾਂ ਪੱਖੀ ਪ੍ਰਭਾਵਾਂ ਲਈ ਜਨਤਕ ਤੌਰ ‘ਤੇ ਮੰਗੀ ਮੁਆਫੀ

ਵਾਸ਼ਿੰਗਟਨ— ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਂ ਪੱਖੀ ਪ੍ਰਭਾਵਾਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਇਸ ਦਾ ਇਸਤੇਮਾਲ ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਉਨ੍ਹਾਂ ‘ਚ ਫੁੱਟ ਪਾਉਣ ਲਈ ਕੀਤਾ ਗਿਆ, ਜਿਸ ਲਈ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇ। ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਜ਼ੁਕਰਬਰਗ (33) ਨੇ ਕਿਸੇ ਵਿਸ਼ੇਸ਼ ਘਟਨਾ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਮੁਆਫੀ ਅਜਿਹੇ ਸਮੇਂ ਮੰਗੀ ਹੈ, ਜਦੋਂ ਇਸ ਗੱਲ ਦੇ ਸਬੂਤ ਸਾਹਮਣੇ ਆ ਰਹੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਡੋਨਾਲਡ ਟਰੰਪ ਦੇ ਪੱਖ ‘ਚ ਲਿਆਉਣ ਲਈ ਰੂਸ ਨੇ ਪ੍ਰਚਾਰ ਕਰਨ ਅਤੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਦੀ ਵਰਤੋਂ ਕੀਤੀ। ਜ਼ੁਕਰਬਰਗ ਨੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਫੇਸਬੁੱਕ ਬਣਾਈ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਿਖਿਆ ਇਸ ਸਾਲ ਮੈਂ ਜਿਨ੍ਹਾਂ ਨੂੰ ਵੀ ਦੁੱਖ ਪਹੁੰਚਾਇਆ ਹੈ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ ਅਤੇ ਬਿਹਤਰ ਬਣਨ ਦੀ ਕੋਸ਼ਿਸ਼ ਕਰਾਂਗਾ। ਜਿਸ ਤਰ੍ਹਾਂ ਮੇਰੇ ਕੰਮ ਦਾ ਇਸਤੇਮਾਲ ਲੋਕਾਂ ‘ਚ ਫੁੱਟ ਪਾਉਣ ਲਈ ਕੀਤਾ ਗਿਆ, ਉਸ ਲਈ ਮੈਂ ਮੁਆਫੀ ਚਾਹੁੰਦਾ ਹਾਂ, ਮੈਂ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਫੇਸਬੁੱਕ ਨੇ ਐਲਾਨ ਦਿੱਤਾ ਸੀ ਕਿ ਉਹ ਉਨ੍ਹਾਂ 3000 ਵਿਗਿਆਪਨਾਂ ਦੀਆਂ ਕਾਪੀਆਂ ਕਾਂਗਰਸ ਨੂੰ ਮੁਹੱਈਆ ਕਰਵਾਉਣਗੇ, ਜਿਨ੍ਹਾਂ ਨੂੰ ਰੂਸ ਦੀ ਇਕ ਕੰਪਨੀ ਨੇ ਜੂਨ 2015 ਤੋਂ ਮਈ 2017 ਦਰਮਿਆਨ 1,00,000 ਡਾਲਰ ‘ਚ ਖਰੀਦਿਆ ਸੀ। ਇਨ੍ਹਾਂ ਵਿਗਿਆਪਨਾਂ ਨੂੰ ਲਗਭਗ 470 ਫਰਜ਼ੀ ਅਕਾਉਂਟ ਨਾਲ ਜੋੜਿਆ ਗਿਆ ਸੀ, ਜਿਨ੍ਹਾਂ ਨੂੰ ਲਗਭਗ ਰੂਸ ਤੋਂ ਚਲਾਇਆ ਜਾਂਦਾ ਸੀ।