World

ਬਗਾਵਤ ਡਰੋਂ ਬ੍ਰੈਗਜ਼ਿਟ ਦੇ 95 ਫੀਸਦੀ ਨੇਪਰੇ ਚੜਣ ਬਾਰੇ ਐਲਾਨੇਗੀ ਥੈਰੇਸਾ ਮੇਅ

ਲੰਡਨ – ਪ੍ਰਧਾਨ ਮੰਤਰੀ ਥੈਰੇਸਾ ਮੇਅ ਬ੍ਰਿਟੇਨ ਦੀ ਸੰਸਦ ਨੂੰ ਸੋਮਵਾਰ ਨੂੰ ਦੱਸੇਗੀ ਕਿ ਬ੍ਰੈਗਜ਼ਿਟ ਵਾਰਤਾ 95 ਫੀਸਦੀ ਪੂਰੀ ਹੋ ਗਈ ਹੈ ਪਰ ਇਹ ਵੀ ਦੱਸਿਆ ਜਾਵੇਗਾ ਕਿ ਉਹ ਯੂਰਪੀ ਸੰਘ ਦੇ ਉੱਤਰੀ ਆਇਰਲੈਂਡ ਸਰਹੱਦੀ ਮਤਿਆਂ ਨੂੰ ਸਵੀਕਾਰ ਕਰ ਸਕਦੀ ਹੈ। ਆਪਣੀ ਹੀ ਪਾਰਟੀ ਅੰਦਰ ਬਾਗੀ ਸੰਸਦ ਮੈਂਬਰਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਐਲਾਨ ਕਰਨਾ ਤੈਅ ਕੀਤਾ ਹੈ। ਮੇਅ ਨੇ ਪਿਛਲੇ ਹਫਤੇ ਹੋਈ ਯੂਰਪੀ ਸੰਘ (ਈ.ਯੂ.) ਦੀ ਇਕ ਸ਼ਿਖਰ ਵਾਰਤਾ ਵਿਚ ਅਜਿਹਾ ਸੰਕੇਤ ਦਿੱਤਾ ਸੀ ਕਿ ਉਹ ਈ.ਯੂ. ਤੋਂ ਨਿਕਲਣ ਤੋਂ ਬਾਅਦ ਕੰਮ ਦੇ ਪੜਾਅ ਨੂੰ ਪਹਿਲਾਂ ਤੋਂ ਤੈਅ ਸਮੇਂ ਤੋਂ ਕਿਤੇ ਜ਼ਿਆਦਾ ਸਮਾਂ ਦੇਣਾ ਸਵੀਕਾਰ ਕਰ ਸਕਦੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੈਗਜ਼ਿਟ ਕੱਟੜਪੰਥੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੇ ਸੰਕੇਤ ਦਾ ਮਕਸਦ ਬ੍ਰੈਗਜ਼ਿਟ ਤੋਂ ਬਾਅਦ ਵੀ ਆਇਰਲੈਂਡ ਦੀ ਸਰਹੱਦ ਨੂੰ ਖੁਲ੍ਹਾ ਰੱਖਣ ਨੂੰ ਲੈ ਕੇ ਲੰਡਨ ਅਤੇ ਬ੍ਰਸੇਲਸ ਵਿਚਾਲੇ ਵਾਰਤਾ ਵਿਚ ਆਏ ਗਤੀਰੋਧ ਨੂੰ ਖਤਮ ਕਰਨਾ ਅਤੇ ਦੋਹਾਂ ਧਿਰਾਂ ਨੂੰ ਭਵਿੱਖ ਦੇ ਸਬੰਧਾਂ ‘ਤੇ ਇਕ ਰਾਏ ਬਣਾਉਣ ਲਈ ਜ਼ਿਆਦਾ ਸਮਾਂ ਦੇਣਾ ਸੀ। ਪਰ ਇਸ ਨੇ ਬ੍ਰੈਗਜ਼ਿਟ ਸਹਿਯੋਗੀਆਂ ਨੂੰ ਭੜਕਾ ਦਿੱਤਾ, ਜਿਨ੍ਹਾਂ ਨੂੰ ਡਰ ਹੈ ਕਿ ਅਗਲੇ ਸਾਲ ਮਾਰਚ ਵਿਚ ਬ੍ਰਿਟੇਨ ਦੇ ਰਸਮੀ ਤੌਰ ‘ਤੇ ਈ.ਯੂ. ਵਿਚੋਂ ਨਿਕਲਣ ਦੇ ਬਾਵਜੂਦ ਉਹ ਲੰਬੇ ਸਮੇਂ ਤੱਕ ਉਸ ਨਾਲ ਜੁੜਿਆ ਰਹੇਗਾ। ਐਤਵਾਰ ਨੂੰ ਕਈ ਨਿਊਜ਼ ਪੇਪਰਾਂ ਦੀਆਂ ਖਬਰਾਂ ਵਿਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਬਾਗੀ ਸੰਸਦ ਮੈਂਬਰ ਇਸ ਹਫਤੇ ਸੱਤਾ ਤੋਂ ਬੇਦਖਲ ਕਰਨ ਦੀ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨਗੇ। ਜ਼ਿਆਦਾਤਰ ਖਬਰਾਂ ਬਾਗੀ ਨੇਤਾਵਾਂ ਦੇ ਹਵਾਲੇ ਤੋਂ ਦਿੱਤੀਆਂ ਗਈਆਂ, ਜਿੱਥੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਗਿਆ। ਇਸੇ ਗੁੱਸੇ ਨੂੰ ਸ਼ਾਂਤ ਕਰਨ ਲਈ ਸੋਮਵਾਰ ਨੂੰ ਹਾਊਸ ਆਫ ਕਾਮਨਸ ਵਿਚ ਸੰਸਦ ਮੈਂਬਰਾਂ ਨੂੰ ਥੈਰੇਸਾ ਮੇਅ ਸੰਬੋਧਿਤ ਕਰੇਗੀ, ਜਿਥੇ ਉਹ ਦੱਸਣਗੇ ਕਿ ਬ੍ਰਸੇਲਸ ਦੇ ਨਾਲ ਸਮਝੌਤਾ ਲਗਭਗ ਹੋ ਚੁੱਕਾ ਹੈ।