India News

ਬਟਾਲਾ ਲਾਗੇ ਕਾਂਗਰਸੀ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ

ਬਟਾਲਾ (ਗੁਰਦਾਸਪੁਰ)

ਅੱਜ ਬਟਾਲਾ ਲਾਗਲੇ ਪਿੰਡ ਹਰਪੁਰਾ ਦੇ ਕਾਂਗਰਸੀ ਸਰਪੰਚ ਦੇ ਇਕਲੌਤੇ ਪੁੱਤਰ ਜਸਬੀਰ ਸਿੰਘ ਦਾ ਦਿਨ–ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਿੰਡ ਹਰਪੁਰਾ ਘੁਮਾਣ ਪੁਲਿਸ ਥਾਣੇ ’ਚ ਪੈਂਦਾ ਹੈ। ਪੀੜਤ ਸਰਪੰਚ ਸੁਖਜਿੰਦਰ ਕੌਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਕਾਫ਼ੀ ਕਰੀਬੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮ੍ਰਿਤਕ ਜਸਬੀਰ ਸਿੰਘ ਦੀ ਮਾਂ ਬਲਾਕ ਸੰਮਤੀ ਮੈਂਬਰ ਹੈ।

ਚਸ਼ਮਦੀਦ ਗਵਾਹਾਂ ਅਨੁਸਾਰ ਦੋਸ਼ੀ ਨੇ ਅੱਧੀ ਦਰਜਨ ਗੋਲੀਆਂ ਜਸਬੀਰ ਸਿੰਘ ਉਰਫ਼ ਗੋਲੂ ਸਰਪੰਚ (35) ਦੀ ਛਾਤੀ ਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਚ ਮਾਰੀਆਂ। ਦੱਸਿਆ ਜਾਂਦਾ ਹੈ ਕਿ ਜਸਬੀਰ ਸਿੰਘ ਦੀ ਪਿੰਡ ਹਰਪੁਰਾ ਦੇ ਹੀ ਨਿਵਾਸੀ ਰਾਜਾ ਪੁੱਤਰ ਮੁਖਤਿਆਰ ਸਿੰਘ ਨਾਲ ਕੋਈ ਪੁਰਾਣੀ ਦੁਸ਼ਮਣੀ ਚੱਲੀ ਆ ਰਹੀ ਸੀ।

ਬਟਾਲਾ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਕਤਲ ਦਾ ਕਥਿਤ ਮੁਲਜ਼ਮ ਰਾਜਾ ਪਹਿਲਾਂ ਜੇਲ੍ਹ ’ਚ ਸੀ ਤੇ ਅੱਜ–ਕੱਲ੍ਹ ਜ਼ਮਾਨਤ ’ਤੇ ਆਇਆ ਹੋਇਆ ਸੀ। ਅੱਜ ਸਵੇਰੇ ਖੇਤਾਂ ਵਿੱਚ ਉਸ ਦੀ ਜਸਬੀਰ ਸਿੰਘ ਨਾਲ ਬਹਿਸ ਹੋ ਗਈ।

ਤਦ ਰਾਜਾ ਨੇ ਕਥਿਤ ਤੌਰ ’ਤੇ ਜਸਬੀਰ ਸਿੰਘ ਦੇ ਗੋਲੀਆਂ ਮਾਰੀਆਂ। ਜਸਬੀਰ ਸਿੰਘ ਨੂੰ ਬੁਰੀ ਤਰ੍ਹਾਂ ਗੰਭੀਰ ਹਾਲਤ ’ਚ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਲਈ ਥਾਂ–ਥਾਂ ਛਾਪੇ ਮਾਰੇ ਜਾ ਰਹੇ ਹਨ।

ਪੰਜਾਬ ਦੇ ਮਾਝਾ ਇਲਾਕੇ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਕਿਸੇ ਸਿਆਸੀ ਆਗੂ ਦਾ ਇਹ ਤੀਜਾ ਕਤਲ ਹੈ। ਪਿਛਲੇ ਸਾਲ 19 ਨਵੰਬਰ ਨੂੰ ਦੋ ਵਾਰ ਅਕਾਲੀ ਸਰਪੰਚ ਰਹਿ ਚੁੱਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦਲਬੀਰ ਸਿੰਘ ਢਿਲਵਾਂ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਗੋਲੀਆਂ ਮਾਰਨ ਤੋਂ ਬਾਅਦ ਕਾਤਲ ਨੇ ਦਲਬੀਰ ਸਿੰਘ ਢਿਲਵਾਂ ਦੀ ਇੱਕ ਟੰਗ ਵੀ ਤੇਜ਼ਧਾਰ ਹਥਿਆਰ ਨਾਲ ਵੱਢ ਸੁੱਟੀ ਸੀ। ਇਸੇ ਵਰ੍ਹੇ ਬੀਤੀ 2 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਿੰਡ ਉਮਰਪੁਰਾ ਦੇ ਸਰਪੰਚ ਦੇ ਪਤੀ ਗੁਰਦੀਪ ਸਿੰਘ ਦੀ ਵੀ ਮੋਟਰਸਾਇਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਦੋਵੇਂ ਕਤਲਾਂ ਦੇ ਮੁਲਜ਼ਮ ਹਾਲੇ ਤੱਕ ਫ਼ਰਾਰ ਹਨ।