World

ਬਰਤਾਨਵੀ ਪੰਜਾਬੀ ਸਾਹਿਤਕਾਰ ਦਰਸ਼ਨ ਧੀਰ ਦੇ ਅਕਾਲ ਚਲਾਣੇ ’ਤੇ ਪ੍ਰਗਟਾਇਆ ਦੁੱਖ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਬਰਤਾਨੀਆ ਦੀ ਧਰਤੀ ’ਤੇ ਵਸਦੇ ਬਹੁਤ ਹੀ ਮਿਲਾਪੜੇ, ਮਿਹਨਤੀ ਸਾਹਿਤਕਾਰ ਤੇ ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਦੇ ਚੇਅਰਪਰਸਨ ਨਾਵਲਕਾਰ ਦਰਸ਼ਨ ਧੀਰ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨਾਲ ਸਾਹਿਤਕ ਸਫ਼ਰ ਦੌਰਾਨ ਜੁੜੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਅਜੀਮ ਸ਼ੇਖਰ, ਮਨਜੀਤ ਕੌਰ ਪੱਡਾ, ਮਨਪੀਤ ਸਿੰਘ ਬੱਧਨੀ, ਯਸ਼ ਸਾਥੀ, ਗੁਰਨਾਮ ਗਰੇਵਾਲ ਆਦਿ ਨੇ ਕਿਹਾ ਕਿ ਬੇਸ਼ੱਕ ਧੀਰ ਜੀ ਸਰੀਰਕ ਤੌਰ ’ਤੇ ਸਾਡੇ ’ਚ ਨਹੀਂ ਰਹੇ ਪਰ ਆਪਣੀਆਂ ਵਡਮੁੱਲੀਆਂ ਲਿਖਤਾਂ ਰਾਹੀਂ ਸਦਾ ਜ਼ਿੰਦਾ ਰਹਿਣਗੇ। ਇਸ ਦੁੱਖ ਦੀ ਘੜੀ ’ਚ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਸਮੂਹ ਮੈਂਬਰ ਉਨ੍ਹਾਂ ਦੇ ਪਰਿਵਾਰ ਨਾਲ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਹਾਨੋਂ ਰੁਖ਼ਸਤ ਹੋਣ ਨਾਲ ਪੰਜਾਬੀ ਸਾਹਿਤ ਨੂੰ ਅਕਹਿ ਤੇ ਅਸਹਿ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਬਰਤਾਨਵੀ ਸਾਹਿਤ ਦਾ ਇੱਕ ਯੁੱਗ ਖਤਮ ਹੋ ਗਿਆ ਹੈ। ਸਾਹਿਤਕਾਰਾਂ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਸਾਹਿਤਕਾਰ ਦਾ ਤੁਰ ਜਾਣਾ ਦਿਲ ਨੂੰ ਹਲੂਣ ਜਾਂਦਾ ਹੈ। ਦਰਸ਼ਨ ਧੀਰ ਇੱਕ ਜ਼ਿੰਦਾਦਿਲ ਇਨਸਾਨ ਸਨ, ਸਭਾਵਾਂ ’ਚ ਉਨ੍ਹਾਂ ਦੀ ਅਣਹੋਂਦ ਰੜਕਦੀ ਰਹੇਗੀ।