UK News

ਬਰਮਿੰਘਮ : ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਪੁਲਸ ਨੂੰ ਮਿਲਿਆ ਭੰਗ ਦਾ ਵਿਸ਼ਾਲ ਫਾਰਮ

ਗਲਾਸਗੋ/ਬਰਮਿੰਘਮ –ਬਰਮਿੰਘਮ ’ਚ ਪੁਲਸ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਅਧਿਕਾਰੀਆਂ ਨੇ ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ’ਚ ਭੰਗ ਦੇ ਪੌਦੇ ਜ਼ਬਤ ਕੀਤੇ। ਇਸ ਮਾਮਲੇ ’ਚ ਖੁਫੀਆ ਏਜੰਸੀਆਂ ਵੱਲੋਂ 3 ਨਾਬਾਲਗਾਂ ਵੱਲੋਂ ਹਥਿਆਰਾਂ ਨਾਲ ਫੋਟੋਆਂ ਖਿਚਵਾਉਣ ਅਤੇ ਕਾਰ ਚੋਰੀ ਕਰਨ ਦੀਆਂ ਧਮਕੀਆਂ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਬਰਮਿੰਘਮ ਈਸਟ ਨੇਬਰਹੁੱਡ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਵੈਸਟ ਮਿਡਲੈਂਡਜ਼ ਪੁਲਸ ਦੀ ਟੈਕਨੀਕਲ ਸਪੋਰਟ ਟੀਮ ਅਤੇ ਨੇੜਲੇ ਅਫਸਰ ਦੇ ਨਾਲ ਕੰਮ ਕਰਦਿਆਂ ਮੰਗਲਵਾਰ (21 ਸਤੰਬਰ) ਸਵੇਰੇ 6 ਵਜੇ ਏਰਡਿੰਗਟਨ ’ਚ ਸਟਾਕਲੈਂਡ ਗ੍ਰੀਨ ਖੇਤਰ ’ਚ ਮਾਰਸ਼ ਹਿੱਲ ਵਿਖੇ ਇੱਕ ਘਰ ’ਚ ਛਾਪੇਮਾਰੀ ਕੀਤੀ।

ਇਸ ਪਤੇ ‘ਤੇ ਪੁਲਸ ਨੂੰ ਵੱਡੇ ਚਾਕੂ, ਏਅਰ ਰਾਈਫਲ ਆਦਿ ਹਥਿਆਰ ਮਿਲੇ, ਜਦਕਿ ਇਸ ਸਬੰਧੀ ਜਾਂਚ ਅਧੀਨ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਇਸੇ ਦੌਰਾਨ ਨੇੜਲੇ ਇੱਕ ਹੋਰ ਘਰ ’ਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਭੱਜਦੇ ਦੇਖ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ’ਚੋਂ ਤਕਰੀਬਨ 1,00,000 ਪੌਂਡ ਦਾ ਇੱਕ ਵਿਸ਼ਾਲ ਭੰਗ ਦਾ ਫਾਰਮ ਬਰਾਮਦ ਕੀਤਾ ਗਿਆ। ਇਸ ਸਬੰਧ ’ਚ 22 ਅਤੇ 29 ਸਾਲ ਦੇ ਦੋ ਵਿਅਕਤੀਆਂ ’ਤੇ ਭੰਗ ਉਤਪਾਦਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ੀ ਤੋਂ ਬਾਅਦ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ।