Menu

ਬਾਲੀਵੁੱਡ, ਪਾਲੀਵੁੱਡ ਅਤੇ ਹਾਲੀਵੁੱਡ ਸਿਨੇਮਾ ‘ਚ ਖਾਸ ਪਛਾਣ ਬਣਾਉਣ ਵਾਲੇ ਓਮ ਪੁਰੀ ਨੇ ਬਦਲ ਦਿੱਤੇ ਸਨ ਅਭਿਨੈ ਦੇ ਮਾਇਨ

ਨਵੀਂ ਦਿੱਲੀ— ਕਿਸੇ ਚਾਹ ਦੀ ਦੁਕਾਨ ਦੇ ਹਨੇਰੇ ਕੋਨੇ ਤੋਂ ਉੱਠ ਕੇ ਭਾਰਤੀ ਤੇ ਫਿਰ ਬ੍ਰਿਟਿਸ਼ ਤੇ ਹਾਲੀਵੁੱਡ ਸਿਨੇਮਾ ‘ਚ ਪਛਾਣ ਬਣਾਉਣ ਵਾਲੇ ਓਮ ਪੁਰੀ ਲਈ ਸਫਰ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ, ਇਸ ਦਾ ਅੰਦਾਜ਼ਾ ਕਿਸੇ ਡਾਇਰੀ ਜਾਂ ਕਿਸੇ ਬਾਇਓਗ੍ਰਾਫੀ ਨੂੰ ਪੜ੍ਹ ਕੇ ਨਹੀਂ ਲਾਇਆ ਜਾ ਸਕਦਾ। ਇਕ ਪਾਸੇ ‘ਜੁਦਾਈ’ ਅਤੇ ‘ਸਵੰਬਰ’ ਵਰਗੀਆਂ ਦੱਖਣ ਭਾਰਤੀ ਫਿਲਮਾਂ ਦਾ ਉਭਾਰ, ਦੂਜੇ ਪਾਸੇ ਅਮਿਤਾਭ ਬੱਚਨ, ਜਤਿੰਦਰ, ਰਿਸ਼ੀ ਕਪੂਰ ਵਰਗੇ ਹਿੰਦੀ ਸਿਨੇਮਾ ‘ਚ ਰਵਾਇਤੀ ਰੂਪ ‘ਚ ਸਵੀਕਾਰ ਨਾਇਕਾਂ ਦਾ ਦਬਦਬਾ, ਅਜਿਹੇ ‘ਚ ਗੋਵਿੰਦ ਨਿਹਲਾਨੀ ਆਪਣੀ ਪਹਿਲੀ ਫਿਲਮ ‘ਆਕ੍ਰੋਸ਼’ ਲਈ ਇਕ ਰੁੱਖੇ ਦਾਗ਼ਦਾਰ ਚਿਹਰੇ ਵਾਲੇ ਰੂਪ ‘ਚ ਓਮ ਪੁਰੀ ਦੀ ਚੋਣ ਕਰਦੇ ਹਨ, ਜੋ ਆਪਣੀ ਹੀ ਭੈਣ ਦਾ ਗਲਾ ਵੱਢ ਦਿੰਦਾ ਹੈ, ਇਸ ਡਰੋਂ ਕਿ ਉਸ ਨੂੰ ਵੀ ਜ਼ਿਮੀਂਦਾਰ ਦਾ ਅੱਤਿਆਚਾਰ ਨਾ ਸਹਿਣਾ ਪਵੇ।
ਨਸੀਰੂਦੀਨ ਸ਼ਾਹ ਕਹਿੰਦੇ ਹਨ, ‘ਓਮ ਪ੍ਰਕਾਸ਼ ਪੁਰੀ ਤੋਂ ਓਮ ਪੁਰੀ ਬਣਨ ਤਕ ਦੀ ਪੂਰੀ ਯਾਤਰਾ ਦਾ ਮੈਂ ਚਸ਼ਮਦੀਦ ਗਵਾਹ ਰਿਹਾ ਹਾਂ। ਇਕ ਪਤਲੇ, ਚਿਹਰੇ ‘ਤੇ ਕਈ ਦਾਗ਼ਾਂ ਵਾਲਾ ਨੌਜਵਾਨ, ਜੋ ਭੁੱਖੀਆਂ ਅੱਖਾਂ ਅਤੇ ਲੋਹੇ ਵਰਗੇ ਇਰਾਦਿਆਂ ਨਾਲ ਇਕ ਸਟੋਵ, ਇਕ ਸਾਸ ਪੈਨ ਅਤੇ ਕੁਝ ਕਿਤਾਬਾਂ ਨਾਲ ਇਕ ਵਰਾਂਡੇ ‘ਚ ਰਹਿੰਦਾ ਸੀ, ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਬਣ ਗਿਆ। ਇਹ ਕਾਫੀ ਛੋਟੀ ਕਹਾਣੀ ਹੋ ਸਕਦੀ ਹੈ ਪਰ ਪੁਰਾਣੇ ਸਮੇਂ ਵਿਚ ਇਸ ਲਈ ਵੀਰਤਾ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਸਨ।’ ਅਸਲ ਵਿਚ ਓਮ ਪੁਰੀ ਵਰਗੇ ਅਭਿਨੇਤਾ ਦੀ ਜੀਵਨੀ ਵੀਰਤਾ ਦੀ ਗਾਥਾ ਭਾਵੇਂ ਹੀ ਨਾ ਹੋਵੇ, ਇਕ ਅਭਿਨੇਤਾ ਦੇ ਸਮਰਪਣ ਅਤੇ ਸੰਕਲਪ ਦੀ ਕਹਾਣੀ ਤਾਂ ਜ਼ਰੂਰ ਰਹੀ ਹੈ, ਜਿਸ ਬਾਰੇ ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਪੈਟ੍ਰਿਕ ਸਵਾਇਜ਼ ਸਵੀਕਾਰ ਕਰਦੇ ਹਨ, ‘ਓਮ ਨੇ ਸਾਨੂੰ ਦੁਨੀਆ ‘ਚ ਜਿਊਣਾ ਸਿਖਾਇਆ ਅਤੇ ਆਪਣੀ ਪਛਾਣ ਸਥਾਪਿਤ ਕਰਨਾ ਦੱਸਿਆ।’
ਦਰਸ਼ਕਾਂ ਨੂੰ ਦਿਖਾ ਦਿੱਤਾ ਸੀ ਨਵਾਂ ‘ਐਂਗਰੀ ਯੰਗਮੈਨ’ : ਓਮ ਪੁਰੀ ਫਿਲਮ ‘ਆਕ੍ਰੋਸ਼’ ਜ਼ਰੀਏ ਖੁਦ ਨੂੰ ਇਸ ਤਰ੍ਹਾਂ ਸਾਬਿਤ ਕਰਦੇ ਹਨ ਕਿ ਹਿੰਦੀ ਸਿਨੇਮਾ ਨੂੰ ਉਸ ਵਿਚ ਇਕ ਨਵਾਂ ਐਂਗਰੀ ਯੰਗਮੈਨ ਦਿਖਾਈ ਦੇਣ ਲੱਗਦਾ ਹੈ, ਜੋ ਉਸ ਸਮੇਂ ਸਥਾਪਿਤ ਐਂਗਰੀ ਯੰਗਮੈਨ ਨਾਲੋਂ ਬਿਲਕੁਲ ਵੱਖਰਾ ਸੀ। ਇਥੇ ਗੁੱਸੇ ਨੂੰ ਸੰਵਾਦ ਅਤੇ ਮੁੱਕੇ ਦੀ ਜ਼ਰੂਰਤ ਨਹੀਂ ਸੀ। ਇਥੇ ਭਾਵ ਅਤੇ ਸੰਵੇਦਨਾ ਸੀ, ਗੁੱਸਾ ਅੱਖਾਂ ਦੀਆਂ ਪੁਤਲੀਆਂ ਵਿਚੋਂ ਜ਼ਾਹਿਰ ਹੁੰਦਾ ਸੀ, ਗਲੇ ਅਤੇ ਮੱਥੇ ਦੀਆਂ ਫੜਕਦੀਆਂ ਨਸਾਂ ਤੋਂ ਜ਼ਾਹਿਰ ਹੁੰਦਾ ਸੀ। ਕੌਣ ਭੁੱਲ ਸਕਦਾ ਹੈ ‘ਅਰਧ ਸੱਤਯ’ ਦੇ ਨੌਜਵਾਨ ਜੁਝਾਰੂ ਗੁੱਸੇ ਵਾਲੇ ਪੁਲਸ ਇੰਸਪੈਕਟਰ ਨੂੰ।
ਸ਼ਾਇਦ ਆਪਣੀ ਨਿੱਜੀ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਲਈ ਓਮ ਪੁਰੀ ਰੰਗਮੰਚ ਵੱਲ ਆਏ ਪਰ ਫਿਰ ਇਥੋਂ ਦੇ ਹੀ ਹੋ ਕੇ ਰਹਿ ਗਏ। 1970 ਦੇ ਦਹਾਕੇ ਵਿਚ ਉਹ ਪੰਜਾਬ ਕਲਾ ਮੰਚ ਨਾਮੀ ਨਾਟਕ ਸੰਸਥਾ ਨਾਲ ਜੁੜ ਗਏ। ਲੱਗਭਗ 3 ਸਾਲ ਤੱਕ ਪੰਜਾਬ ਕਲਾ ਮੰਚ ਨਾਲ ਜੁੜੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਵਿਚ ਰਾਸ਼ਟਰੀ ਨਾਟਕ ਵਿਦਿਆਲਿਆ ‘ਚ ਦਾਖਲਾ ਲੈ ਲਿਆ। ਆਪਣੇ ਅਭਿਨੈ ਪ੍ਰਤੀ ਵਿਸ਼ਵਾਸ ਉਨ੍ਹਾਂ ਨੂੰ ਪੁਣੇ ਫਿਲਮ ਸੰਸਥਾਨ ਤੱਕ ਖਿੱਚ ਲਿਆਇਆ। 1976 ‘ਚ ਪੁਣੇ ਫਿਲਮ ਸੰਸਥਾਨ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਓਮ ਪੁਰੀ ਨੇ ਲੱਗਭਗ ਡੇਢ ਸਾਲ ਤੱਕ ਇਕ ਸਟੂਡੀਓ ਵਿਚ ਅਭਿਨੈ ਦੀ ਟ੍ਰੇਨਿੰਗ ਵੀ ਦਿੱਤੀ। ਬਾਅਦ ਵਿਚ ਓਮ ਪੁਰੀ ਨੇ ਆਪਣੇ ਨਿੱਜੀ ਥੀਏਟਰ ਗਰੁੱਪ ‘ਮਜਮਾ’ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਪਰਦੇ ‘ਤੇ ਅਭਿਨੈ ਦੀ ਸ਼ੁਰੂਆਤ ਵਿਜੇ ਤੇਂਦੁਲਕਰ ਦੇ ਮਰਾਠੀ ਨਾਟਕ ‘ਤੇ ਬਣੀ ਫਿਲਮ ‘ਘਾਸੀਰਾਮ ਕੋਤਵਾਲ’ ਰਾਹੀਂ ਕੀਤੀ ਸੀ।
ਖੂਬਸੂਰਤ ਅਭਿਨੇਤਾ ਤੋਂ ਵੀ ਜ਼ਿਆਦਾ ਖੂਬਸੂਰਤ : 1980 ਦੇ ਦਹਾਕੇ ਵਿਚ ਅਮਰੀਸ਼ ਪੁਰੀ, ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ ਅਤੇ ਸਮਿਤਾ ਪਾਟਿਲ ਦੇ ਨਾਲ ਓਮ ਪੁਰੀ ਉਨ੍ਹਾਂ ਮੁੱਖ ਅਭਿਨੇਤਾਵਾਂ ‘ਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਉਸ ਦੌਰ ਵਿਚ ਹਿੰਦੀ ਸਿਨੇਮਾ ਨੂੰ ਨਵੀਂ ਪਛਾਣ ਦੇਣ ਦੀ ਜ਼ਿੱਦ ਵਿਚ ਸ਼ੁਰੂ ਹੋਏ ਨਵੇਂ ਸਿਨੇਮਾ ਨੂੰ ਇਕ ਨਵੀਂ ਉਚਾਈ ਦਿੱਤੀ। ‘ਭਵਨੀ ਭਵਈ’, ‘ਸਪਰਸ਼’, ‘ਮੰਡੀ’, ‘ਆਕ੍ਰੋਸ਼’, ‘ਮਿਰਚ ਮਸਾਲਾ’ ਅਤੇ ‘ਧਾਰਾਵੀ’ ਵਰਗੀਆਂ ਫਿਲਮਾਂ ਨੇ ਇਹ ਸਪੱਸ਼ਟ ਕਰਨ ‘ਚ ਦੇਰ ਨਹੀਂ ਲਾਈ ਕਿ ਅਸਲ ਵਿਚ ਰੁੱਖੇ ਦਾਗ਼ਦਾਰ ਚਿਹਰੇ ਦੇ ਪਿੱਛੇ ਇਕ ਸੰਵੇਦਨਸ਼ੀਲ ਅਭਿਨੇਤਾ ਛੁਪਿਆ ਹੈ, ਜੋ ਪਰਦੇ ‘ਤੇ ਥੋੜ੍ਹਾ ਤਰਾਸ਼ਣ ਦੇ ਨਾਲ ਹੀ ਖੂਬਸੂਰਤ ਅਭਿਨੇਤਾ ਤੋਂ ਜ਼ਿਆਦਾ ਖੂਬਸੂਰਤ ਦਿਸ ਸਕਦਾ ਹੈ। ਓਮ ਪੁਰੀ ਨੇ 1982 ‘ਚ ਆਈ ਰਿਚਰਡ ਐਟਿਨਬ੍ਰੋ ਦੀ ਫਿਲਮ ‘ਗਾਂਧੀ’ ਵਿਚ ਇਕ ਛੋਟੀ ਜਿਹੀ ਭੂਮਿਕਾ ਅਦਾ ਕੀਤੀ ਸੀ। ਹੈਰਾਨੀ ਹੈ ਕਿ ਕੁਝ ਹੀ ਸਾਲਾਂ ਦੌਰਾਨ ਹਰਮਨਪਿਆਰੇ ਹਿੰਦੀ ਸਿਨੇਮਾ ਨੇ ਓਮ ਪੁਰੀ ਲਈ ਪਲਕਾਂ ਵਿਛਾ ਦਿੱਤੀਆਂ। ਫਰਕ ਇਹੀ ਸੀ ਕਿ ਹਿੰਦੀ ਸਿਨੇਮਾ ਆਪਣੀਆਂ ਜ਼ਰੂਰਤਾਂ ਲਈ ਓਮ ਪੁਰੀ ਦਾ ਇਸਤੇਮਾਲ ਕਰ ਰਿਹਾ ਸੀ। ‘ਚਾਚੀ 420’, ‘ਗੁਪਤ’, ‘ਪਿਆਰ ਤੋ ਹੋਨਾ ਹੀ ਥਾ’, ‘ਹੇ ਰਾਮ’, ‘ਕੁਆਰਾ’, ‘ਹੇਰਾਫੇਰੀ’ ‘ਦੁਲਹਨ ਹਮ ਲੇ ਜਾਏਂਗੇ’ ਤੋਂ ਲੈ ਕੇ ‘ਦਬੰਗ’ ਅਤੇ ‘ਘਾਇਲ ਵਨਸ ਅਗੇਨ’ ਤੱਕ ਓਮ ਪੁਰੀ ਹਿੰਦੀ ਸਿਨੇਮਾ ਦਾ ਇਸਤੇਮਾਲ ਆਪਣੇ ਮੁਤਾਬਕ ਨਹੀਂ ਕਰ ਸਕੇ। ਸ਼ਾਇਦ ਬਾਲੀਵੁੱਡ ਦੀ ਪਹਿਲੀ ਸ਼ਰਤ ਵੀ ਇਹੀ ਹੁੰਦੀ ਹੈ ਕਿ ਇਥੇ ਸ਼ਰਤਾਂ ਸਿਰਫ ਬਾਲੀਵੁੱਡ ਦੀਆਂ ਹੀ ਚਲਦੀਆਂ ਹਨ। ਬਾਵਜੂਦ ਇਸ ਦੇ ‘ਮਾਚਿਸ’, ‘ਮਕਬੂਲ’, ‘ਦੇਵ’, ‘ਚੁਪ-ਚੁਪ ਕੇ’ ਵਰਗੀਆਂ ਫਿਲਮਾਂ ਭੁਲਾਈਆਂ ਨਹੀਂ ਜਾ ਸਕਦੀਆਂ, ਜਿਥੇ ਓਮ ਪੁਰੀ ਅਭਿਨੈ ਦੇ ਆਪਣੇ ਵਿਆਕਰਨ ਨਾਲ ਆਉਂਦੇ ਹਨ।
ਓਮ ਪੁਰੀ ਇਕ ਦਰੱਖਤ ਵਾਂਗ ਹੈ
ਅੰਬਾਲਾ ਤੋਂ ਲੈ ਕੇ ਮੁੰਬਈ ਤੱਕ ਓਮ ਪੁਰੀ ਦੇ ਜੀਵਨ ਦਾ ਲੰਮਾ ਅਨੁਭਵ ਸੰਸਾਰ ਹੀ ਰਿਹਾ ਹੋਵੇਗਾ, ਜਿਸ ਨਾਲ ਭਾਰਤੀ ਸਮਾਜ ਨੂੰ ਸਹਿਜਤਾ ਨਾਲ ਦੇਖਣ ਤੇ ਸਮਝਣ ਦਾ ਨਜ਼ਰੀਆ ਮਿਲਿਆ ਹੋਵੇਗਾ, ਜਿਸ ਦਾ ਪ੍ਰਭਾਵ ਹਮੇਸ਼ਾ ਉਨ੍ਹਾਂ ਦੇ ਅਭਿਨੈ ‘ਤੇ ਬਣਿਆ ਰਿਹਾ। ਉਸ ਸਮੇਂ ਦੇ ਸਟਾਈਲ ਐਕਟਿੰਗ ਦੇ ਦੌਰ ‘ਚ ਜਦੋਂ ਅਭਿਨੇਤਾ ਕਿਰਦਾਰ ਵਿਚ ਨਹੀਂ ਬਦਲਦਾ ਸੀ, ਕਿਰਦਾਰ ਨੂੰ ਆਪਣੇ ਅਨੁਸਾਰ ਢਾਲ ਲੈਂਦਾ ਸੀ। ਕਹਿ ਸਕਦੇ ਹਾਂ ਕਿ ਓਮ ਪੁਰੀ ਯਥਾਰਥ ਅਭਿਨੈ ਦੇ ਸ਼ੁਰੂਆਤੀ ਸੂਤਰਧਾਰਾਂ ‘ਚ ਰਹੇ, ਜਿਨ੍ਹਾਂ ਨੇ ਸਿਨੇਮਾ ਨੂੰ ਇਸ ਗੱਲ ਦੀ ਸਮਝ ਦਿੱਤੀ ਕਿ ਅਭਿਨੈ ‘ਚ ਖੁਦ ਨੂੰ ਬਦਲਣਾ ਪੈਂਦਾ ਹੈ। ਅਭਿਨੈ ਦੀ ਇਹ ਸਹਿਜਤਾ ਰਹੀ ਹੋਵੇਗੀ, ਜਿਸ ਨੇ ਵਿਦੇਸ਼ਾਂ ਵਿਚ ਭਾਰਤੀ ਸਿਨੇਮਾ ਨਾਲੋਂ ਓਮ ਪੁਰੀ ਨੂੰ ਸਭ ਤੋਂ ਜ਼ਿਆਦਾ ਸਵੀਕਾਰਯੋਗ ਬਣਾਇਆ। ਸ਼ਬਾਨਾ ਆਜ਼ਮੀ ਕਹਿੰਦੀ ਹੈ ਕਿ ਓਮ ਪੁਰੀ ਇਕ ਦਰੱਖਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਵਿਚ ਹਨ ਅਤੇ ਟਾਹਣੀਆਂ ਇੰਨੀ ਤੇਜ਼ੀ ਨਾਲ ਫੈਲਦੀਆਂ ਜਾ ਰਹੀਆਂ ਹਨ ਕਿ ਪੱਛਮ ਵੀ ਸ਼ਰਮਾ ਜਾਵੇ। ਸੱਚਮੁੱਚ ਓਮ ਪੁਰੀ ਦੇ ਅਭਿਨੈ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀਆਂ ਜੜ੍ਹਾਂ ਦੀ ਮਜ਼ਬੂਤੀ ਸੀ। ਅੱਜ ਓਮ ਪੁਰੀ ਸਾਡੇ ਵਿਚਕਾਰ ਨਹੀਂ ਹਨ ਪਰ ਅਭਿਨੈ ਦੇ ਕਿਸੇ ਵੀ ਵਿਦਿਆਰਥੀ ਲਈ ਇਹ ਭੁੱਲਣਾ ਮੁਸ਼ਕਿਲ ਹੋਵੇਗਾ ਕਿ ਅਭਿਨੈ ਸਿਰਫ ਅਭਿਨੈ ਕਰਨਾ ਨਹੀਂ ਹੁੰਦਾ, ਇਕ ਜੀਵਨ ਜਿਊਣਾ ਹੁੰਦਾ ਹੈ। ਅਭਿਨੈ ਤੁਹਾਡੇ ਜੀਵਨ ਦੇ ਅਨੁਭਵ ਸੰਸਾਰ ਦਾ ਹੀ ਵਿਸਥਾਰ ਹੁੰਦਾ ਹੈ।