World

ਬ੍ਰਿਟਿਸ਼ ਮੁਸਲਿਮ ਨੇ ਲੰਡਨ ‘ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦਾ ਜੁਰਮ ਕਬੂਲਿਆ

ਲੰਡਨ – ਧਰਮ ਬਦਲ ਕੇ ਮੁਸਲਿਮ ਬਣੇ ਬ੍ਰਿਟਿਸ਼ ਵਿਅਕਤੀ ਨੇ ਆਕਸਫੋਰਡ ਸਟ੍ਰੀਟ ਸਥਿਤ ਵਿਆਪਕ ਕੇਂਦਰ ਅਤੇ ਮੈਡਮ ਤੁਸਾਦ ਮਿਊਜ਼ੀਅਮ ਸਮੇਤ ਲੰਡਨ ਵਿਚ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜਣ ਵਾਲੇ ਨੇ ਆਪਣਾ ਜੁਰਮ ਕਬੂਲ ਲਿਆ ਹੈ। ਲੇਵਿਸ ਲੁਡਲੋ ਨੇ ਲੰਡਨ ਦੇ ਓਲਡ ਬੇਲੀ ਕੋਰਟ ਵਿਚ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਅੱਤਵਾਦੀ ਧੜੇ ਨਾਲ ਸਬੰਧਾਂ ਅਤੇ ਬ੍ਰਿਟਿਸ਼ ਰਾਜਧਾਨੀ ਵਿਚ ਮਹੱਤਵਪੂਰਨ ਸੰਸਥਾਨਾਂ ਵਿਚ ਵੈਨ ਲਿਜਾਉਣ ਦੀ ਤਿਆਰੀ ਕਰਨ ਦੀ ਗੱਲ ਕਬੂਲੀ।

ਇਸਤਿਗਾਸਾ ਧਿਰ ਮਾਰਕ ਡਾਵਸਨ ਨੇ ਅਦਾਲਤ ਨੂੰ ਕਿਹਾ ਕਿ ਆਕਸਫੋਰਡ ਸਟ੍ਰੀਟ ‘ਤੇ ਭੀੜ-ਭਾੜ ਵਾਲੇ ਡਿਜ਼ਨੀ ਸਟੋਰ ਸਮੇਤ ਹੋਰ ਥਾਵਾਂ ਨੂੰ ਵਾਹਨ ਦੀ ਵਰਤੋਂ ਕਰਕੇ ਨਿਸ਼ਾਨਾ ਬਣਾ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਜ਼ਖਮੀ ਕਰਨ ਦੀ ਸਾਜ਼ਿਸ਼ ਸੀ। ਗਲਤ ਨਾਂ ਦੀ ਵਰਤੋਂ ਕਰਕੇ 26 ਸਾਲਾ ਲੁਡਲੋ ਨੇ ਇਕ ਮੋਬਾਈਲ ਫੋਨ ਖਰੀਦਿਆ ਅਤੇ ਇਕ ਨੋਟ ਵਿਚ ਹਮਲੇ ਨੂੰ ਅੰਜਾਮ ਦੇਣ ਦੀ ਆਪਣੀ ਯੋਜਨਾ ਨੂੰ ਲਿਖਿਆ। ਇਹ ਨੋਟ ਬਾਅਦ ਵਿਚ ਅੱਤਵਾਦ ਰੋਕੂ ਅਧਿਕਾਰੀਆਂ ਨੇ ਕੂੜੇਦਾਨ ਤੋਂ ਫਟੀ ਹਾਲਤ ਵਿਚ ਬਰਾਮਦ ਕੀਤਾ। ਉਸ ਨੇ ਆਕਸਫੋਰਡ ਸਟ੍ਰੀਟ ਨੂੰ ਸਹੀ ਨਿਸ਼ਾਨਾ ਚੁਣਿਆ ਅਤੇ ਲਿਖਿਆ ਉਮੀਦ ਹੈ ਕਿ ਹਮਲੇ ਵਿਚ ਤਕਰੀਬਨ 100 ਲੋਕ ਮਰ ਸਕਦੇ ਹਨ। ਲੁਡਲੋ ਲੰਡਨ ਦੇ ਨੇੜੇ ਕੇਂਟ ਵਿਚ ਰਾਇਲ ਮੇਲ ਵਿਚ ਡਾਕ ਮੁਲਾਜ਼ਮ ਸਨ। ਉਸ ਨੇ ਹਮਲੇ ਦੀ ਸਾਜ਼ਿਸ਼ ਉਦੋਂ ਰਚੀ ਜਦੋਂ ਫਰਵਰੀ ਵਿਚ ਫਿਲਪੀਨ ਲਈ ਉਡਾਣ ਫੜਣ ਦੀ ਕੋਸ਼ਿਸ਼ ਕਰਨ ਦੌਰਾਨ ਉਸ ਨੂੰ ਹੀਥਰੋ ਹਵਾਈ ਅੱਡੇ ‘ਤੇ ਪੁਲਸ ਨੇ ਰੋਕ ਦਿੱਤਾ।

ਉਸ ਨੂੰ 18 ਅਪ੍ਰੈਲ ਨੂੰ ਅੱਤਵਾਦ ਰੋਕੂ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਅਦਾਲਤ ਵਿਚ ਸ਼ੁਰੂਆਤੀ ਪੇਸ਼ੀ ਵਿਚ ਖੜਾ ਹੋਣ ਤੋਂ ਮਨਾਂ ਕਰ ਦਿੱਤਾ। ਉਸ ਨੇ ਮੁੱਖ ਮੈਜਿਸਟ੍ਰੇਟ ਨੂੰ ਕਿਹਾ ਕਿ ਉਹ ਸਿਰਫ ਅੱਲ੍ਹਾ ਲਈ ਖੜ੍ਹਾ ਹੋ ਸਕਦਾ ਹੈ। ਦੱਖਣੀ ਪੂਰਬ ਵਿਚ ਅੱਤਵਾਦ ਰੋਕੂ ਪੁਲਸ ਦੇ ਮੁਖੀ ਡਿਟੈਕਟਿਵ ਚੀਫ ਸੁਪਰੀਟੈਂਡੇਂਟ ਕਾਥ ਬਾਨਰਸ ਨੇ ਕਿਹਾ ਕਿ ਲੁਡਲੋ ਨੇ ਹਮਲੇ ਦੀ ਯੋਜਨਾ ਲਿੱਖ ਲਈ ਅਤੇ ਸੰਭਾਵਿਤ ਨਿਸ਼ਾਨਿਆਂ ਦੀ ਟੋਹ ਲੈ ਰਿਹਾ ਸੀ। ਮੈਨੂੰ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਸਾਡੀ ਕਾਰਵਾਈ ਨਾਲ ਲੋਕ ਜ਼ਿਆਦਾ ਸੁਰੱਖਿਅਤ ਹੋਣਗੇ। ਉਸ ਨੇ ਅੱਤਵਾਦੀ ਕੰਮਾਂ ਦੀ ਤਿਆਰੀ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਲਈ ਰਾਸ਼ੀ ਮੁਹੱਈਆ ਕਰਵਾਉਣ ਦੇ ਦੋ ਦੋਸ਼ਾਂ ਲਈ ਇਸ ਸਾਲ ਮੁਕੱਦਮੇ ਦਾ ਸਾਹਮਣਾ ਕਰਨਾ ਸੀ, ਪਰ ਉਸ ਨੇ ਬ੍ਰਿਟੇਨ ਵਿਚ ਹਮਲੇ ਦੀ ਸਾਜ਼ਿਸ਼ ਘੜਣ ਅਤੇ ਵਿਦੇਸ਼ ਵਿਚ ਆਈ.ਐਸ.ਆਈ.ਐਸ. ਨੂੰ ਧਨ ਮੁਹੱਈਆ ਕਰਵਾਉਣ ਦਾ ਗੁਨਾਹ ਕਲ ਦੀ ਸੁਣਵਾਈ ਦੌਰਾਨ ਕਬੂਲ ਕਰ ਲਿਆ। ਉਹ ਸਖ਼ਤ ਸੁਰੱਖਿਆ ਵਾਲੀ ਬੇਲਮਾਰਸ਼ ਜੇਲ ਤੋਂ ਵੀਡੀਓ ਲਿੰਕ ਰਾਹੀਂ ਮੌਜੂਦ ਹੋਇਆ ਅਤੇ ਉਸ ਨੇ ਅੱਤਵਾਦੀ ਕੰਮਾਂ ਦੀ ਤਿਆਰੀ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਲਈ ਧਨ ਇਕੱਠਾ ਕਰਨ ਦਾ ਗੁਨਾਹ ਕਬੂਲ ਕਰ ਲਿਆ। ਉਸ ਨੂੰ ਦੋ ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।