India News World

ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ ‘ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਕਾਰਨ ਇਸ ਮਹੀਨੇ ਦੇ ਅੰਤ ਵਿਚ ਪ੍ਰਸਤਾਵਿਤ ਨਵੀਂ ਦਿੱਲੀ ਦੀ ਆਪਣੀ ਯਾਤਰਾ ਦੀ ਮਿਆਦ ਘੱਟ ਕਰ ਦਿੱਤੀ ਹੈ। ਡਾਊਨਿੰਗ ਸਟਰੀਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਯੋਜਨਾਬੱਧ ਪ੍ਰੋਗਰਾਮ ਮੁਤਾਬਕ ਜਾਨਸਨ ਦੀ ਭਾਰਤ ਯਾਤਰਾ 26 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਵਿਚ ਬ੍ਰਿਟੇਨ-ਭਾਰਤ ਵਿਚਾਲੇ ਬਿਹਤਰ ਵਪਾਰ ਸਾਂਝੇਦਾਰੀ ਨੂੰ ਅੰਤਿਮ ਰੂਪ ਦੇਣਾ ਸ਼ਾਮਲ ਹੈ। ਹਾਲਾਂਕਿ, ਭਾਰਤ ਵਿਚ ਮਹਾਮਾਰੀ ਦੀ ਸਥਿਤੀ ਬਦਤਰ ਹੋਣ ਨਾਲ ਹੀ ਯਾਤਰਾ ਪ੍ਰੋਗਰਾਮ ਫਿਰ ਤੋਂ ਸੋਧ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਵਾਰਤਾ ਸਮੇਤ ਉਚ-ਪੱਧਰੀ ਦੋ-ਪੱਖੀ ਗੱਲਬਾਤ ਦਾ ਮੁੱਖ ਹਿੱਸਾ ਹੁਣ 26 ਅਪ੍ਰੈਲ ਨੂੰ ਦਿੱਲੀ ਤੱਕ ਹੀ ਸੀਮਤ ਰਹੇਗਾ। ਯਾਨੀ ਕਿ ਹੁਣ 26 ਅਪ੍ਰੈਲ ਨੂੰ ਹੀ ਸਾਰੇ ਪ੍ਰੋਗਰਾਮ ਰੱਖੇ ਜਾਣਗੇ। ਇਸ ਤੋਂ ਪਹਿਲਾਂ ਜਾਨਸਨ ਨੇ ਸੰਕੇਤ ਦਿੱਤੇ ਸਨ ਕਿ ਉਹ ਨਵੀਂ ਦਿੱਲੀ ਦੇ ਇਲਾਵਾ ਮੁੰਬਈ, ਪੁਣੇ, ਬੈਂਗਲੁਰੂ ਅਤੇ ਚੇਨਈ ਵੀ ਜਾਣਾ ਚਾਹੁੰਣਗੇ।

10 ਡਾਊਨਿੰਗ ਸਟਰੀਟ ਵਿਚ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ, ‘ਅਸੀਂ ਭਾਰਤ ਵਿਚ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦੀ ਆਗਾਮੀ ਯਾਤਰਾ ਨੂੰ ਲੈ ਕੇ ਭਾਰਤ ਸਰਕਾਰ ਨਾਲ ਨਿਕਟ ਸੰਪਰਕ ਵਿਚ ਹਾਂ। ਇਨ੍ਹਾਂ ਚਰਚਾਵਾਂ ਦੇ ਨਤੀਜੇ ਵਜੋਂ, ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇ ਅੰਤ ਵਿਚ ਨਵੀਂ ਦਿੱਲੀ ਦੀ ਆਪਣੀ ਯਾਤਰਾ ਦੀ ਮਿਆਦ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਹੈ।’

ਅਧਿਕਾਰੀ ਨੇ ਕਿਹਾ ਕਿ ਪ੍ਰੋਗਰਾਮ ਭਾਰਤ ਸਰਕਾਰ ਅਤੇ ਭਾਰਤੀ ਵਪਾਰ ਜਗਤ ਦੇ ਨੇਤਾਵਾਂ ਨਾਲ ਉਚ-ਪੱਧਰੀ ਚਰਚਾ ’ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਕਿਹਾ, ‘ਅਸੀਂ ਆਉਣ ਵਾਲੇ ਸਮੇਂ ਵਿਚ ਹੋਰ ਵੇਰਵਾ ਦੇਵਾਂਗੇ ਪਰ ਇਸ ਯਾਤਰਾ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਦੋ-ਪੱਖੀ ਬੈਠਕ ਸ਼ਾਮਲ ਹੋਵੇਗੀ।’