World

ਬ੍ਰਿਟੇਨ: ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਭਾਰਤੀ ਢੋਂਗੀ ਬਾਬੇ ਦੀ ਖੁੱਲ੍ਹੀ ਪੋਲ, ਲੱਗਾ ਜਬਰ ਜ਼ਿਨਾਹ ਦਾ ਦੋਸ਼

ਲੰਡਨ- ਬ੍ਰਿਟੇਨ ’ਚ ਇਕ ਭਾਰਤੀ ‘ਢੋਂਗੀ ਬਾਬਾ’ ਉੱਤੇ ਦੋਸ਼ ਲੱਗਾ ਹੈ ਕਿ ਉਸਨੇ 4 ਔਰਤ ਭਗਤਾਂ ਨਾਲ ਜਬਰ ਜ਼ਿਨਾਹ ਕੀਤਾ ਹੈ। ਇਹ ਬਾਬਾ ਹਿੰਦੂ ਧਰਮ ਦੀ ਇਕ ਅਜਿਹੀ ਬਰਾਂਚ ਦੀ ਪਾਲਣਾ ਕਰਦਾ ਸੀ ਜਿਸ ਬਾਰੇ ਸਪੱਸ਼ਟ ਤੌਰ ‘ਤੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਅਦਾਲਤ ਦੇ ਦਸਤਾਵੇਜ਼ਾਂ ਵਿਚ ਇਸ ਦਾ ਖੁਲਾਸਾ ਹੋਇਆ ਹੈ। 65 ਸਾਲਾ ਰਾਜਿੰਦਰ ਕਾਲੀਆ ਨੇ ਕਥਿਤ ਤੌਰ ’ਤੇ ਆਪਣੇ ਭਗਤਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ‘ਰੱਬ ਦਾ ਅਵਤਾਰ’ ਹੈ। ਕਾਲੀਆ ਨੇ ਕੋਵੈਂਟਰੀ ਦੇ ਬੇਲ ਗ੍ਰੀਨ ਸਥਿਤ ਬਾਬਾ ਬਾਲਕ ਨਾਥ ਮੰਦਰ ’ਚ ਆਪਣੀ ਤਾਕਤ ਅਤੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ 4 ਸਾਲ ਦੀ ਉਮਰ ਦੇ ਬੱਚਿਆਂ ਤੱਕ ਨੂੰ ਕਾਬੂ ’ਚ ਕਰਨ ਦਾ ਕੋਸ਼ਿਸ਼ ਕੀਤੀ।

ਇਸ ਬਾਬੇ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਜੇਕਰ ਮੰਦਰ ਦਾ ਕੋਈ ਵੀ ਮੈਂਬਰ ਉਸ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਉਸ ’ਤੇ ਹਮਲਾ ਕੀਤਾ ਜਾਵੇ। ਉਥੇ ਹੀ ਜਿਨ੍ਹਾਂ 4 ਔਰਤਾਂ ਨੇ ਬਾਬੇ ਉੱਪਰ ਦੋਸ਼ ਲਗਾਏ ਹਨ, ਉਹ ਹੁਣ ਕੋਵੈਂਟਰੀ ਮੰਦਰ ਦੀਆਂ ਮੈਂਬਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਾਲੀਆ ’ਤੇ 2017 ’ਚ ਜਬਰ ਜ਼ਿਨਾਹ ਦੇ ਦੋਸ਼ ਲੱਗੇ ਸਨ ਪਰ ਸਬੂਤਾਂ ਦੀ ਕਮੀ ਕਾਰਨ ਕੇਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਉਹ ਮੰਦਰ ਪਰਤ ਆਇਆ ਸੀ।

ਬਾਬੇ ਖਿਲਾਫ ਬੋਲਣ ’ਤੇ ਹੁੰਦੀ ਹੈ ਕੁੱਟਮਾਰ ਅਤੇ ਮਿਲਦੀ ਹੈ ਐਸਿਡ ਅਟੈਕ ਦੀ ਧਮਕੀ
2017 ’ਚ ਮੰਦਰ ਵਾਪਸ ਪਰਤਣ ਤੋਂ ਬਾਅਦ ਹੀ ਉਸਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਉਸਦੇ ਖਿਲਾਫ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰੋ। ਇਕ ਪੈਰੋਕਾਰ ਨੇ ਇਥੋਂ ਤੱਕ ਦਾਅਵਾ ਕੀਤਾ ਕਿ ਉਸ ਨੂੰ ਬਾਬੇ ਦੇ ਖਿਲਾਫ ਬੋਲਣ ’ਤੇ ਐਸਿਡ ਅਟੈਕ ਦੀ ਧਮਕੀ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਬਾਬਾ ਅਤੇ ਉਸ ਦੇ ਦੋ ਸੇਵਕਾਂ ਖਿਲਾਫ ਬੋਲਣ ’ਤੇ ਇਕ ਪੈਰੋਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਕੋਰਟ ’ਚ ਕੀਤੇ ਗਏ ਦਾਅਵੇ ਮੁਤਾਬਕ ਕਾਲੀਆ ਦੇ ਪੈਰੋਕਾਰ ਗਲਾਸਗੋ ਤੱਕ ਤੋਂ ਉਸਦੇ ਦਰਸ਼ਨਾਂ ਲਈ ਪਹੁੰਚੇ ਹਨ। ਕਾਲੀਆ ਕਥਿਤ ਤੌਰ ’ਤੇ ਖ਼ੁਦ ਦੇ ਪਵਿੱਤਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਪਿਛਲੇ 3 ਸਾਲਾਂ ਤੋਂ ਯੁਵਾ ਕੁੜੀਆਂ ਨੂੰ ਆਪਣੇ ਵੱਸ ਵਿਚ ਕਰਨ ਦਾ ਕੰਮ ਕਰ ਰਿਹਾ ਹੈ।

ਰਾਜਿੰਦਰ ਕਾਲੀਆ ਦੇ ਜ਼ਿਆਦਾਤਰ ਪੈਰੋਕਾਰ ਹੇਠਲੇ ਤਬਕੇ ਦੀਆਂ ਔਰਤਾ ਹਨ। ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਬਾਹਰੀ ਦੁਨੀਆ ਦੁਸ਼ਟ ਹੈ ਅਤੇ ਉਸ ਤੋਂ ਬਚਣਾ ਚਾਹੀਦਾ ਹੈ। ਕਾਲੀਆ ਦੇ ਉਪਦੇਸ਼ਾਂ ਦੀ ਵੀਡੀਓ ਦੇਖਣ ਦੇ ਬਾਅਦ ਪਤਾ ਲੱਗਦਾ ਹੈ ਕਿ ਉਸ ਦੇ ਪੈਰੋਕਾਰ ਉਸ ਨੂੰ ਚੁੰਮਦੇ ਹਨ ਅਤੇ ਪੈਰਾਂ ਨੂੰ ਛੁੰਹਦੇ ਹਨ। ਕਾਲੀਆ ਦੇ ਭਗਤ ਉਸ ਨੂੰ ਭਗਤੀ ਦਿਖਾਉਣ ਲਈ 12 ਹਜ਼ਾਰ ਪੌਂਡ ਦੇ ਕਰੀਬ ਪੈਸਿਆਂ ਦਾ ਵੀ ਭੁਗਤਾਨ ਕਰਦੇ ਹਨ। ਮੌਜੂਦਾ ਸਮੇਂ ਵਿਚ ਕਾਲੀਆ ਵਾਰਵਿਕਸ਼ਾਇਰ ਦੇ ਰਿਆਨ ਆਨ ਇੰਸਮੋਰ ਵਿਚ ਸਥਿਤ ਇਕ ਘਰ ਵਿਚ ਰਹਿੰਦਾ ਹੈ।