World

ਬ੍ਰਿਟੇਨ ‘ਚ ਪਹਿਲੀ ‘ਸ਼ਰੀਆ ਏਅਰਲਾਈਨਜ਼’ ਲਾਂਚ, ਹਿਜ਼ਾਬ ‘ਚ ਹੋਣਗੀਆਂ ਏਅਰ ਹੋਸਟੇਸ

ਲੰਡਨ — ਬ੍ਰਿਟੇਨ ਜਲਦੀ ਹੀ ਇਕ ਅਜਿਹੀ ਏਅਰਲਾਈਨਜ਼ ਦਾ ਸੰਚਾਲਨ ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਇਸਲਾਮਿਕ ਕਾਨੂੰਨ ਮਤਲਬ ਸ਼ਰੀਅਤ ਮੁਤਾਬਕ ਹੋਵੇਗੀ। ਇਸ ਏਅਰਲਾਈਨਜ਼ ਵਿਚ ਸ਼ਰਾਬ ਅਤੇ ਪੋਰਕ (ਸੂਰ ਦਾ ਮਾਂਸ) ਨਹੀਂ ਮਿਲੇਗਾ ਅਤੇ ਏਅਰ ਹੋਸਟੇਸ ਵੀ ਹਿਜ਼ਾਬ ਵਿਚ ਨਜ਼ਰ ਆਵੇਗੀ। ਇਸ ਏਅਰਲਾਈਨਜ਼ ਦਾ ਨਾਮ ਫਿਰਨਾਜ਼ ਏਅਰਵੇਜ਼ ਹੋਵੇਗਾ। ਇਸ ਨੂੰ ਸ਼ੁਰੂ ਕਰਨ ਵਾਲੇ ਬੰਗਲਾਦੇਸ਼ੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਕਾਜ਼ੀ ਸ਼ਫੀਕੁਰ ਰਹਿਮਾਨ ਹਨ। 32 ਸਾਲਾ ਕਾਜ਼ੀ ਸ਼ਫੀਕੁਰ ਰਹਿਮਾਨ ਖੁਦ ਨੂੰ ਰਿਚਰਡ ਬ੍ਰੈਨਸਨ ਦਾ ਹਲਾਲ ਐਡੀਸ਼ਨ ਕਹਿੰਦੇ ਹਨ।
ਦੱਸਣਯੋਗ ਹੈ ਕਿ ਸ਼ਫੀਕੁਰ ਰਹਿਮਾਨ ਦਾ ਪਰਿਵਾਰ ਸਾਲ 1997 ਵਿਚ ਬੰਗਲਾਦੇਸ਼ ਤੋਂ ਬ੍ਰਿਟੇਨ ਵਿਚ ਸ਼ਿਫਟ ਹੋਇਆ ਸੀ। ਉਸ ਸਮੇਂ ਸ਼ਫੀਕੁਰ 11 ਸਾਲ ਦੇ ਸਨ। ਆਪਣਾ ਸਕੂਲ ਪੂਰਾ ਕਰਨ ਮਗਰੋਂ ਸ਼ਫੀਕੁਰ ਨੇ ਪਹਿਲੀ ਨੌਕਰੀ ਲੰਡਨ ਸਿਟੀ ਹਵਾਈ ਅੱਡੇ ‘ਤੇ ਇਕ ਟਾਇਲਟ ਕਲੀਨਰ ਦੇ ਰੂਪ ਵਿਚ ਕੀਤੀ ਸੀ। ਇੱਥੋਂ ਹੀ ਉਨ੍ਹਾਂ ਨੇ ਇਕ ਏਅਰਲਾਈਨਜ਼ ਸ਼ੁਰੂ ਕਰਨ ਦਾ ਸੁਪਨਾ ਦੇਖਣਾ ਸ਼ੁਰੂ ਕੀਤਾ ਸੀ। ਟਾਇਲਟ ਕਲੀਨਰ ਦੀ ਨੌਕਰੀ ਦੇ ਬਾਅਦ ਸ਼ਫੀਕੁਰ ਨੇ ਇਕ ਪਰਫਊਮ ਕੰਪਨੀ ‘ਸੁੰਨਾਮੁਸਕ’ ਸ਼ੁਰੂ ਕੀਤੀ। ਬੀਤੇ ਢਾਈ ਸਾਲ ਤੋਂ ਸ਼ਫੀਕੁਰ ਰਹਿਮਾਨ ਏਅਰਲਾਈਨਜ਼ ਸ਼ੁਰੂ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ।
ਫਿਰਨਾਜ਼ ਏਅਰਵੇਜ਼ ਦੇ ਮਾਲਕ ਸ਼ਫੀਕੁਰ ਰਹਿਮਾਨ ਨੂੰ ਆਪਣੀ ਇਸਲਾਮਿਕ ਸਿੱਖਿਆਵਾਂ ਵਿਚ ਡੂੰਘਾ ਵਿਸ਼ਵਾਸ ਹੈ। ਇਹ ਵਜ੍ਹਾ ਰਹੀ ਹੈ ਕਿ ਉਨ੍ਹਾਂ ਨੇ ਕਾਰੋਬਾਰ ਵਿਚ ਵੀ ਇਨ੍ਹਾਂ ਸਿੱਖਿਆਵਾਂ ਨੂੰ ਉਤਾਰਨ ਦਾ ਫੈਸਲਾ ਲਿਆ। ਫਿਲਹਾਲ ਸ਼ਫੀਕੁਰ ਰਹਿਮਾਨ ਨੇ ਇਕ 19 ਸੀਟਾਂ ਵਾਲੇ ਜੈੱਟ ਸਟ੍ਰੀਮ ਜਹਾਜ਼ ਨੂੰ ਲੀਜ਼ ‘ਤੇ ਲੈ ਕੇ ਫਿਰਨਾਜ਼ ਏਅਰਵੇਜ਼ ਦੀ ਸ਼ੁਰੂਆਤ ਕੀਤੀ ਹੈ। ਫਿਰਨਾਜ਼ ਏਅਰਵੇਜ਼ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਆਪਣੀਆਂ ਸੇਵਾਵਾਂ ਦੇਵੇਗਾ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸ਼ਫੀਕੁਰ ਰਹਿਮਾਨ ਫਿਲਹਾਲ ਨਿਵੇਸ਼ਕਾਂ ਦੀ ਤਲਾਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਸ਼ੀਆ ਵਿਚ ਵੀ ਰਯਾਨੀ ਏਅਰ ਦੇ ਨਾਮ ਨਾਲ ਸ਼ਰੀਅਤ ਏਅਰਲਾਈਨਜ਼ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਸ਼ਰੀਅਤ ਦੇ ਨਿਯਮਾਂ ਦੀ ਪਾਲਣ ਕੀਤੀ ਗਈ ਸੀ। ਪਰ ਇਹ ਏਅਰਲਾਈਨਜ਼ ਸਫਲ ਨਹੀਂ ਰਹੀ ਅਤੇ ਸਾਲ 2016 ਵਿਚ ਬੰਦ ਕਰ ਦਿੱਤੀ ਗਈ। ਇਸ ਦੇ ਬਾਵਜੂਦ ਸ਼ਫੀਕੁਰ ਰਹਿਮਾਨ ਨੂੰ ਆਪਣੇ ਏਅਰਲਾਈਨਜ਼ ਦੇ ਸਫਲ ਹੋਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੈਂ ਕੁਝ ਕਰਨਾ ਚਾਹੁੰਦਾ ਹਾਂ ਅਤੇ ਮੈਂ ਉਸ ਨਾਲ ਸਹਿਮਤ ਨਹੀਂ ਹਾਂ ਤਾਂ ਫਿਰ ਮੈਨੂੰ ਇਸ ਨੂੰ ਨਹੀਂ ਕਰਨਾ ਚਾਹੀਦਾ। ਇਕ ਕਾਰੋਬਾਰੀ ਹੋਣ ਦੇ ਨਾਅਤੇ ਮੈਂ ਬਹੁਤ ਰੋਮਾਂਚਿਤ ਹਾਂ ਅਤੇ ਚੰਗੀ ਗੱਲ ਇਹ ਹੈ ਕਿ ਇਸ ਨਾਲ ਮੇਰੀ ਸ਼ਰਧਾ ਵੀ ਜੁੜੀ ਹੋਈ ਹੈ।
ਸ਼ਫੀਕੁਰ ਦਾ ਕਹਿਣਾ ਹੈ ਕਿ ਜਦੋਂ ਗੱਲ ਸ਼ਰੀਆ ਦੀ ਹੁੰਦੀ ਹੈ ਤਾਂ ਲੋਕ ਸੋਚਦੇ ਹਨ ਕਿ ਉਨ੍ਹਾਂ ‘ਤੇ ਸ਼ਰੀਆ ਥੋਪਿਆ ਜਾ ਰਿਹਾ ਹੈ। ਜਦਕਿ ਅਜਿਹਾ ਨਹੀਂ ਹੈ। ਅਸੀਂ ਇਸਲਾਮਿਕ ਨਿਵੇਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਏਅਰਹੋਸਟੇਸ ਨੂੰੰ ਹਿਜ਼ਾਬ ਵਿਚ ਰੱਖਣ ਦੇ ਸਵਾਲ ‘ਤੇ ਸ਼ਫੀਕੁਰ ਰਹਿਮਾਨ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਕਾਰੋਬਾਰ ਪਾਉਣ ਲਈ ਔਰਤਾਂ ਦਾ ਸ਼ੋਸ਼ਣ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਏਅਰਲਾਈਨਜ਼ ਵਿਚ ਸ਼ਰਾਬ ਨਹੀਂ ਹੋਵੇਗੀ ਪਰ ਉਸ ਦੀ ਜਗ੍ਹਾ ਹੋਰ ਪੀਣ ਵਾਲੇ ਪਦਾਰਥ ਦਿੱਤੇ ਜਾਣਗੇ। ਸ਼ਫੀਕੁਰ ਰਹਿਮਾਨ ਆਪਣੀ ਫਿਰਨਾਜ਼ ਏਅਰਵੇਜ਼ ਦਾ ਸੰਚਾਲਨ ਮਿਡਲ ਈਸਟ ਦੇ ਦੇਸ਼ਾਂ ਤੱਕ ਕਰਨਾ ਚਾਹੁੰਦੇ ਹਨ ਪਰ ਪਹਿਲਾਂ ਉਹ ਬ੍ਰਿਟੇਨ ਵਿਚ ਸੰਚਾਲਨ ਕਰਕੇ ਕੁਝ ਨਾਮ ਅਤੇ ਪੈਸਾ ਕਮਾਉਣਾ ਚਾਹੁੰਦੇ ਹਨ।