Menu

ਬ੍ਰਿਟੇਨ ਦੀ ਦੁਕਾਨ ‘ਚ ਪੈਟਰੋਲ ਕਾਰਨ ਹੋਏ ਧਮਾਕੇ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਮੌਤ

nobanner

ਲੰਡਨ — ਬ੍ਰਿਟੇਨ ਦੀ ਅਦਾਲਤ ਨੇ ਸੋਮਵਾਰ ਨੂੰ ਦੱਸਿਆ ਕਿ ਲੀਸੇਸਟਰ ਸ਼ਹਿਰ ਵਿਚ ਇਕ ਪਾਲਿਸ਼ ਦੁਕਾਨ ਵਿਚ ਹੋਏ ਧਮਾਕੇ ਦੇ ਪਿੱਛੇ ਕੰਪਲੈਕਸ ਵਿਚ ਪੈਟਰੋਲ ਦਾ ਫੈਲਣਾ ਸੀ। ਇਸ ਧਮਾਕੇ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ 25 ਫਰਵਰੀ ਦੀ ਸ਼ਾਮ ਨੂੰ ਹੋਏ ਇਸ ਧਮਾਕੇ ਵਿਚ ਜਾਬਕਾ ਮਿਨੀ ਸੁਪਰ ਮਾਰਕੀਟ ਅਤੇ ਇਸ ਦੇ ਉੱਪਰ ਬਣਿਆ ਇਕ ਫਲੈਟ ਪੂਰੀ ਤਰ੍ਹਾਂ ਸੜ ਗਿਆ। ਇਸ ਵਿਚ ਰਹਿਣ ਵਾਲੇ ਰਘੁਬੀਰ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜੋ ਕਿ ਹਾਲ ਵਿਚ ਹੀ ਮੋਰੀਸ਼ਸ ਤੋਂ ਲੰਡਨ ਸ਼ਿਫਟ ਹੋਏ ਸਨ।

ਧਮਾਕੇ ਦੇ ਦੋਸ਼ ਵਿਚ ਤਿੰਨ ਵਿਅਕਤੀ ਲੀਸੇਸਟਰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ ਗਏ। ਜਿੱਥੇ ਉਨ੍ਹਾਂ ਨੂੰ 3 ਅਪ੍ਰੈਲ ਨੂੰ ਲੀਸੇਸਟਰ ਕ੍ਰਾਊਨ ਅਦਾਲਤ ਸਾਹਮਣੇ ਪੇਸ਼ ਹੋਣ ਤੱਕ ਹਿਰਾਸਤ ਵਿਚ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ ਸਟੋਰ ਦਾ ਮਾਲਕ 33 ਸਾਲਾ ਅਰਮ ਕੁਰਦ, 32 ਸਾਲਾ ਹਾਵਕਰ ਹਸਨ ਅਤੇ 37 ਸਾਲਾ ਅਰਕਾਨ ਅਲੀ ਹੈ। ਅਦਾਲਤ ਵਿਚ ਵਕੀਲ ਨੇ ਕਿਹਾ ਕਿ ਧਮਾਕਾ ਪੈਟਰੋਲ ਦੇ ਕਾਰਨ ਹੋਇਆ ਸੀ, ਜਿਸ ਨੂੰ ਪੂਰੇ ਸਟੋਰ ਵਿਚ ਸੁੱਟਿਆ ਗਿਆ ਸੀ। ਤਿੰਨੇ ਵਿਅਕਤੀਆਂ ‘ਤੇ ਹੱਤਿਆ ਅਤੇ ਅੱਗਜ਼ਨੀ ਦਾ ਦੋਸ਼ ਲਗਾਇਆ ਗਿਆ। ਜਾਣਕਾਰੀ ਮੁਤਾਬਕ ਬੀਤੇ ਹਫਤੇ ਪੁਲਸ ਨੇ ਰਮਮੀ ਤੌਰ ‘ਤੇ ਪੀੜਤਾਂ ਵਿਚੋਂ ਦੋ ਭਰਾਵਾਂ 18 ਸਾਲਾ ਸ਼ੇਨ ਰਘੁਬੀਰ ਅਤੇ 17 ਸਾਲਾ ਸ਼ੌਨ ਰਘੁਬੀਰ ਦੀ ਪਛਾਣ ਕੀਤੀ ਸੀ, ਜੋ ਪਾਲਿਸ਼ ਦੁਕਾਨ ਦੇ ਉੱਪਰ ਬਣੇ ਫਲੈਟ ਵਿਚ ਰਹਿੰਦੇ ਸਨ। ਉਨ੍ਹਾਂ ਦੀ ਮਾਂ 46 ਸਾਲਾ ਮੈਰੀ ਰਘੁਬੀਰ ਦੀ ਪਛਾਣ ਹਾਲੇ ਤੱਕ ਨਹੀਂ ਹੋ ਪਾਈ ਹੈ। ਅਦਾਲਤ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੇ ਇਲਾਵਾ ਸ਼ੇਨ ਰਘੁਬੀਰ ਦੀ 18 ਸਾਲਾ ਪ੍ਰੇਮਿਕਾ ਦੀ ਵੀ ਮੌਤ ਹੋ ਗਈ।

ਲੀਸੇਸਟਰ ਸ਼ਹਿਰ ਵਿਚ ਹਿੰਕਲੇ ਰੋਡ ‘ਤੇ ਪੁਲਸ ਫਿਲਹਾਲ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸ਼ੱਕ ਦੇ ਆਧਾਰ ‘ਤੇ 40 ਸਾਲਾ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਹਿਰਾਸਤ ਵਿਚ ਲਏ ਜਾਣ ਮਗਰੋਂ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੋ ਸ਼ੱਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਨੇ 25 ਫਰਵਰੀ ਨੂੰ ਮਿਨੀ ਸੁਪਰ ਮਾਰਕੀਟ ਵਿਚ ਹੋਏ ਧਮਾਕੇ ਵਿਚ ਇਕ ਨਵਾਂ ਗਵਾਹ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਧਮਾਕੇ ਨੂੰ ਲੈ ਕੇ ਹੋਰ ਏਜੰਸੀਆਂ ਦੇ ਮਾਹਰ ਮਾਮਲੇ ਦੀ ਜਾਂਚ ਕਰ ਰਹੇ ਹਨ।