UK News

ਬ੍ਰਿਟੇਨ ਦੀ ਮਹਾਰਾਣੀ ਨੇ ਉੱਤਰੀ ਆਇਰਲੈਂਡ ਦੀ ਯਾਤਰਾ ਕੀਤੀ ਰੱਦ

ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ ਆਖਰਕਾਰ ਕੁਝ ਦਿਨਾਂ ਦੇ ਆਰਾਮ ਦੀ ਡਾਕਟਰੀ ਸਲਾਹ ਨੂੰ ਸਵੀਕਾਰ ਕਰ ਲਿਆ ਹੈ ਅਤੇ ਉੱਤਰੀ ਆਇਰਲੈਂਡ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਬ੍ਰਿਟੇਨ ਦੇ ਮਹਿਲ ‘ਬਕਿੰਘਮ ਪੈਲੇਸ’ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਇਸ ਨੇ ਮਹਾਰਾਣੀ ਦੇ ਫ਼ੈਸਲੇ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਸਿਰਫ ਇਹ ਕਿਹਾ ਕਿ 95 ਸਾਲਾ ਐਲਿਜ਼ਾਬੈਥ “ਚੰਗੀ ਸਥਿਤੀ ਵਿੱਚ ਹਨ ਅਤੇ ਇਸ ਗੱਲ ਨੂੰ ਲੈਕੇ ਨਿਰਾਸ਼ ਹਨ ਕਿ ਉਹ ਹਾਲੇ ਉੱਤਰੀ ਆਇਰਲੈਂਡ ਦਾ ਦੌਰਾ ਨਹੀਂ ਕਰ ਸਕੇਗੀ, ਜਿੱਥੇ ਉਹਨਾਂ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਸੀ।” 

ਬਕਿੰਘਮ ਪੈਲੇਸ ਨੇ ਕਿਹਾ ਕਿ ਮਹਾਰਾਣੀ ਨੇ ਉੱਤਰੀ ਆਇਰਲੈਂਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਹਨ ਅਤੇ ਭਵਿੱਖ ਵਿੱਚ ਉੱਥੇ ਆਉਣ ਦੀ ਉਮੀਦ ਕੀਤੀ ਹੈ। ਕੁਝ ਦਿਨ ਪਹਿਲਾਂ ਐਲਿਜ਼ਾਬੈਥ ਨੂੰ ਇੱਕ ਜਨਤਕ ਸਮਾਗਮ ਵਿੱਚ ਛੜੀ ਦੇ ਸਹਾਰੇ ਤੁਰਦਿਆਂ ਦੇਖਿਆ ਗਿਆ ਸੀ, ਜਿਸ ਦੇ ਕੁਝ ਦਿਨ ਬਾਅਦ ਇਹ ਫ਼ੈਸਲਾ ਆਇਆ ਹੈ। ਉਹ ਉੱਤਰੀ ਆਇਰਲੈਂਡ ਦੇ ਦੌਰੇ ਕਾਰਨ ਕੁਝ ਦਿਨਾਂ ਲਈ ਆਰਾਮ ਕਰਨ ਦੀ ਡਾਕਟਰੀ ਸਲਾਹ ਨੂੰ ਸਵੀਕਾਰ ਕਰਨ ਲਈ ਪਹਿਲਾਂ ਤਿਆਰ ਨਹੀਂ ਸੀ ਪਰ ਹੁਣ ਉਹਨਾਂ ਨੇ ਇਸ ਸਲਾਹ ਨੂੰ ਸਵੀਕਾਰ ਕਰ ਲਿਆ ਹੈ।