World

ਬ੍ਰਿਟੇਨ ਦੇ ਕਾਨੂੰਨ ਮੰਤਰੀ ਨੇ ਦਿੱਤਾ ਅਸਤੀਫਾ

ਲੰਡਨ (ਏਜੰਸੀ)- ਬ੍ਰਿਟੇਨ ਦੇ ਕਾਨੂੰਨ ਮੰਤਰੀ ਫਿਲਿਪ ਲੀ ਨੇ ਬ੍ਰੈਗਜ਼ਿਟ ਸਮਝੌਤੇ ਵਿਚ ਸੰਸਦ ਦੀ ਭੂਮਿਕਾ ਨੂੰ ਸੀਮਤ ਕਰਨ ਦੇ ਸਰਕਾਰ ਦੇ ਇਰਾਦੇ ਨੂੰ ਲੈ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰਕਾਰ ਦੇ ਇਰਾਦੇ ਨੂੰ ਲੈ ਕੇ ਮੈਂ ਆਪਣਾ ਅਸਤੀਫਾ ਦੇ ਦਿੱਤਾ ਹੈ। ਸਰਕਾਰ ਦੀ ਬ੍ਰੈਗਜ਼ਿਟ ਨੀਤੀ ਨਾਗਰਿਕਾਂ ਦੇ ਹਿੱਤ ਵਿਚ ਨਹੀਂ ਹੈ।
ਦਰਅਸਲ ਮੰਗਲਵਾਰ ਨੂੰ ਦੋਵੇਂ ਸਦਨ ਪ੍ਰਧਾਨ ਮੰਤਰੀ ਟੇਰੀਜ਼ਾ ਮੇਅ ਵਲੋਂ ਤਿਆਰ ਕੀਤੇ ਗਏ ਬ੍ਰੈਗਜ਼ਿਟ ਸਮਝੌਤੇ ‘ਤੇ ਵੋਟ ਕਰਨਗੇ। ਬ੍ਰੈਗਜ਼ਿਟ ਮੰਤਰੀ ਡੇਵਿਡ ਜੋਂਸ ਨੇ ਆਖਿਆ ਹੈ ਕਿ ਵੋਟਿੰਗ ਸਮਝੌਤੇ ਨੂੰ ਮਾਨਤਾ ਦੇਣ ਲਈ ਹੋਵੇਗੀ ਜਾਂ ਕੋਈ ਸਮਝੌਤਾ ਹੋਵੇਗਾ ਹੀ ਨਹੀਂ। ਇਸ ਨੂੰ ਬ੍ਰੈਗਜ਼ਿਟ ਵਿਚ ਸੰਸਦ ਦੀ ਭੂਮਿਕਾ ਨੂੰ ਸੀਮਤ ਕਰਨ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਕੁਝ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਜੇਕਰ ਉਹ ਬ੍ਰੈਗਜ਼ਿਟ ਸਮਝੌਤੇ ਦੇ ਵਿਰੋਧ ਵਿਚ ਵੋਟ ਦੇਣ ਤਾਂ ਸੰਸਦ ਕੋਲ ਇੰਨਾ ਅਧਿਕਾਰ ਹੋਵੇ ਕਿ ਉਹ ਸਰਕਾਰ ਨੂੰ ਇਸ ਵਿਚ ਬਦਲਾਅ ਕਰਨ ਲਈ ਬਾਉਂਡ ਕਰੇ।
ਲੀ ਨੇ ਆਪਣੀ ਵੈਬਸਾਈਟ ਵਿਚ ਲਿਖਿਆ ਹੈ ਕਿ ਮੇਰੇ ਇਸ ਫੈਸਲੇ ਦਾ ਮੁੱਖ ਕਾਰਨ ਬ੍ਰੈਗਜ਼ਿਟ ਪ੍ਰਕਿਰਿਆ ਅਤੇ ਵੋਟ ਦੇ ਆਖਰੀ ਨਤੀਜੇ ‘ਤੇ ਸੰਸਦ ਦੀ ਭੂਮਿਕਾ ਨੂੰ ਸੀਮਤ ਕਰਨਾ ਹੈ। ਭਵਿੱਖ ਵਿਚ ਮੈਨੂੰ ਆਪਣੇ ਬੱਚਿਆਂ ਨੂੰ ਈਮਾਨਦਾਰੀ ਨਾਲ ਦੱਸਣਾ ਪਵੇਗਾ ਕਿ ਮੈਂ ਉਨ੍ਹਾਂ ਲਈ ਸਭ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਨਾਲ ਬ੍ਰਿਟੇਨ ਯੂਰਪੀ ਸੰਘ ਤੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੀ ਮੈਂ ਹਮਾਇਤ ਨਹੀਂ ਕਰ ਸਕਦਾ।