World

ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਸਾਥੀਆਂ ਨਾਲ ਨਵੇਂ ਹੌਟਲਾਈਨ ਕੀਤੇ ਸਥਾਪਿਤ

ਲੰਡਨ — ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਬੁੱਧਵਾਰ ਨੂੰ ਦੱਸਿਆ ਕਿ ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਯੂਰਪੀ ਯੂਨੀਅਨ ਦੇ ਮਹੱਤਵਪੂਰਣ ਸਾਥੀਆਂ ਨਾਲ ਨਵੇਂ ਹੌਟਲਾਈਨ ਸਥਾਪਿਤ ਕੀਤੇ ਹਨ। ਜੁਲਾਈ ਵਿਚ ਵਿਦੇਸ਼ ਮੰਤਰੀ ਬਣੇ ਹੰਟ ਨੇ ਕਿਹਾ,”ਪੂਰੀ ਦੁਨੀਆ ਦੇ ਵਿਦੇਸ਼ ਮੰਤਰੀ ਟੈਕਸਟ ਅਤੇ ਵਟਸਐਪ ਜ਼ਰੀਏ ਬਹੁਤ ਗੱਲਬਾਤ ਕਰਦੇ ਹਨ। ਅੱਜਕਲ੍ਹ ਜ਼ਿਆਦਾਤਰ ਕੂਟਨੀਤੀ ਇਸੇ ਤਰੀਕੇ ਨਾਲ ਹੁੰਦੀ ਹੈ। ਮੇਰੇ ਲਈ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ।” ਉਨ੍ਹਾਂ ਨੇ ਕਿਹਾ,”ਪਰ ਕੁਝ ਗੱਲਬਾਤ ਅਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਜ਼ਿਆਦਾ ਦੇਰ ਸੁਰੱਖਿਅਤ ਲਾਈਨ ‘ਤੇ ਕਰਨਾ ਸਹੀ ਹੁੰਦਾ ਹੈ। ਇਸ ਲਈ ਅਸੀਂ ਹੌਟਲਾਈਨ ਜ਼ਰੀਏ ਉਨ੍ਹਾਂ ਲੋਕਾਂ ਦੀ ਗਿਣਤੀ ਵਧਾ ਰਹੇ ਜਿਨ੍ਹਾਂ ਨਾਲ ਅਜਿਹੀ ਗੱਲਬਾਤ ਕੀਤੀ ਜਾਵੇਗੀ।”

ਲੰਡਨ ਵਿਚ ਇਕ ਪ੍ਰੋਗਰਾਮ ਦੌਰਾਨ ਹੰਟ ਨੇ ਕਿਹਾ ਕਿ ਜਦੋਂ ਉਹ ਵਿਦੇਸ਼ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੇ ਦਫਤਰ ਵਿਚ ਬ੍ਰਿਟੇਨ ਦੇ ਮਹੱਤਵਪੂਰਣ ਖੁਫੀਆ ਸਾਥੀਆਂ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਗੱਲਬਾਤ ਲਈ ਹੌਟਲਾਈਨ ਸੀ। ਹੰਟ ਨੇ ਇਸ ਸੂਚੀ ਵਿਚ ਜਾਪਾਨ, ਫਰਾਂਸ ਅਤੇ ਜਰਮਨੀ ਦਾ ਨਾਮ ਜੋੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਮਹੱਤਵਪੂਰਣ ਸਾਥੀਆਂ ਨਾਲ ਸਬੰਧ ਮਜ਼ਬੂਤ ਹੁੰਦੇ ਹਨ।