World

ਬ੍ਰਿਟੇਨ : ਸੰਸਦ ਦੇ ਬਾਹਰ ਲੱਗੇ ਬੈਰੀਅਰ ਨਾਲ ਟਕਰਾਈ ਕਾਰ, ਕਈ ਲੋਕ ਜ਼ਖਮੀ

ਲੰਡਨ — ਬ੍ਰਿਟੇਨ ‘ਚ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਲੱਗੇ ਸੁਰੱਖਿਆ ਬੈਰੀਅਰ ਨਾਲ ਇਕ ਕਾਰ ਟਕਰਾ ਗਈ, ਜਿਸ ਕਾਰਨ ਉੱਥੋਂ ਲੰਘ ਰਹੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਪੁਲਸ ਨੇ ਤੁਰੰਤ ਕਾਰ ਡਰਾਈਵਰ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਹਮਲਾ ਸੀ ਅਤੇ ਕੀ ਇਸ ਦਾ ਸਬੰਧ ਕਿਸੇ ਅੱਤਵਾਦੀ ਸਮੂਹ ਨਾਲ ਹੈ। ਇਹ ਹਾਦਸਾ ਸਵੇਰੇ 7.37 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਮਗਰੋਂ ਸਕਾਟਲੈਂਡ ਯਾਰਡ ਦੇ ਹਥਿਆਰਬੰਦ ਅਧਿਕਾਰੀ ਤੁਰੰਤ ਘਟਨਾ ਵਾਲੀ ਥਾਂ ਪੁੱਜੇ ਅਤੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪੁਲਸ, ਐਂਬੂਲੈਂਸ ਅਤੇ ਫਾਇਰ ਫਾਈਟਰਜ਼ ਅਧਿਕਾਰੀ ਵੀ ਪੁੱਜੇ।

ਬ੍ਰਿਟੇਨ ਦੇ ਇਕ ਨਿਊਜ਼ ਚੈਨਲ ਵੱਲੋਂ ਟਵਿੱਟਰ ‘ਤੇ ਹਾਦਸੇ ਦੀ ਵੀਡੀਓ ਨੂੰ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ‘ਚ ਸੰਸਦ ਭਵਨ ਦੇ ਆਲੇ-ਦੁਆਲੇ ਲੱਗੇ ਵੱਡੇ ਸਟੀਲ ਦੇ ਬੈਰੀਅਰ ਨਾਲ ਇਕ ਕਾਰ ਟਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਾਰ ਡਰਾਈਵਰ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ। ਸੰਸਦ ਭਵਨ ਦੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਚਲ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਕਾਰ ਜਾਣ-ਬੁੱਝ ਕੇ ਬੈਰੀਅਰ ਨਾਲ ਟਕਰਾਈ। ਘਟਨਾ ਮਗਰੋਂ ਇਲਾਕੇ ਵਿਚ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਹੈ।