World

ਬ੍ਰਿਟੇਨ : 6 ਸਾਲਾ ਭਾਰਤੀ ਬੱਚੇ ਨੇ ਲੱਭਿਆ ਕਰੋੜਾਂ ਸਾਲ ਪੁਰਾਣਾ ਫੌਸਿਲ

ਲੰਡਨ : ਬ੍ਰਿਟੇਨ ਵਿਚ ਭਾਰਤੀ ਮੂਲ ਦੇ 6 ਸਾਲ ਦੇ ਬੱਚੇ ਨੇ ਆਪਣੇ ਬਗੀਚੇ ਦੀ ਖੋਦਾਈ ਦੌਰਾਨ ਕਰੋੜਾਂ ਸਾਲ ਪੁਰਾਣਾ ਫੌਸਿਲ ਲੱਭਿਆ ਹੈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਰਹਿਣ ਵਾਲੇ ਸਿਦਕ ਸਿੰਘ ਜਹਿਮਤ ਨੇ ਕਿਹਾ ਕਿ ਉਹ ਇਸ ਸਿੰਙ ਦੀ ਖੋਜ ਕਰਨ ਦੇ ਬਾਅਦ ਕਾਫੀ ਉਤਸ਼ਾਹਿਤ ਹੈ। ਸਿਡ ਦੇ ਨਾਮ ਨਾਲ ਮਸ਼ਹੂਰ ਜਹਿਮਤ ਕ੍ਰਿਸਮਸ ਮੌਕੇ ਤੋਹਫੋ ਵਿਚ ਮਿਲੇ ਫੌਸਿਲ ਲੱਭਣ ਵਾਲੇ ਉਪਕਰਨ ਨਾਲ ਬਗੀਚੇ ਵਿਚ ਖੋਦਾਈ ਕਰ ਰਿਹਾ ਸੀ। ਇਸੇ ਦੌਰਾਨ ਉਸ ਨੂੰ ਚੱਟਾਨ ਦਾ ਟੁੱਕੜਾ ਮਿਲਿਆ, ਜੋ ਕਿਸੇ ਜਾਨਵਰ ਦੇ ਸਿੰਙ ਜਿਹਾ ਦਿੱਸਦਾ ਸੀ। 

ਸਿਡ ਮੁਤਾਬਕ, ਮੈਨੂੰ ਲੱਗਾ ਕਿ ਇਹ ਕੋਈ ਦੰਦ ਜਾਂ ਜਬਾੜਾ ਜਾਂ ਸਿੰਙ ਹੋਵੇਗਾ ਪਰ ਅਸਲ ਵਿਚ ਇਹ ਇਕ ਮੂੰਗੇ ਦਾ ਟੁੱਕੜਾ ਸੀ, ਜਿਸ ਨੂੰ ਹੌਰਨ ਕੋਰਲ ਕਹਿੰਦੇ ਹਨ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਸਿਡ ਦੇ ਪਿਤਾ ਵਿਸ਼ ਸਿੰਘ ਨੇ ਇਸ ਹੌਰਨ ਕੋਰਲ ਦੀ ਪਛਾਣ ਫੇਸਬੁੱਕ ‘ਤੇ ਇਕ ਫੌਸਿਲ ਗਰੁੱਪ ਜ਼ਰੀਏ ਕੀਤੀ, ਜਿਸ ਦੇ ਉਹ ਮੈਂਬਰ ਹਨ। ਇਸ ਗਰੁੱਪ ਨੇ ਟੁੱਕੜੇ ਦੇ 25 ਤੋਂ 48 ਕਰੋੜ ਸਾਲ ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ।

ਸਿੰਘ ਨੇ ਕਿਹਾ,”ਅਸੀਂ ਜ਼ਮੀਨ ਵਿਚ ਸਿਡ ਨੂੰ ਕੁਝ ਅਜੀਬ ਆਕਾਰ ਦੀ ਚੀਜ਼ ਮਿਲਣ ‘ਤੇ ਹੈਰਾਨ ਰਹਿ ਗਏ।” ਅਗਲੇ ਦਿਨ ਉਸ ਨੇ ਮੁੜ ਖੋਦਾਈ ਵਿਚ ਰੇਤ ਦਾ ਇਕ ਖੰਡਿਤ ਹੋ ਚੁੱਕਾ ਬਲਾਕ ਵੀ ਲੱਭਿਆ। ਉਹਨਾਂ ਨੇ ਕਿਹਾ ਕਿ ਹੁਣ ਉਹ ਸਿਡ ਦੀ ਇਸ ਖੋਜ ਦੇ ਬਾਰੇ ਬਰਮਿੰਘਮ ਯੂਨੀਵਰਸਿਟੀ ਦੇ ਭੂ-ਵਿਗਿਆਨ ਅਜਾਇਬ ਘਰ ਨੂੰ ਦੱਸਣ ਜਾ ਰਹੇ ਹਾਂ। ਇਸ ਦੇ ਬਾਅਦ ਹੀ ਇਸ ਟੁੱਕੜੇ ਦੀ ਅਸਲੀ ਉਮਰ ਦੀ ਪੁਸ਼ਟੀ ਹੋ ਸਕੇਗੀ।