India News

ਬੱਚਿਆਂ ਦੀ ਤਸਕਰੀ ‘ਚ ਗਰਕੇ ਪੰਜਾਬੀ, ਟੂਰ ਬਹਾਨੇ ਅਮਰੀਕਾ ਭੇਜਣ ਵਾਲੇ ਪੰਜਾਂ ‘ਤੇ ਕੇਸ ਦਰਜ

ਨਵੀਂ ਦਿੱਲੀ: ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਔਰਤ ਸਮੇਤ ਪੰਜ ਪੰਜਾਬੀਆਂ ‘ਤੇ ਬੱਚਿਆਂ ਦੀ ਤਸਕਰੀ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰ ਲਿਆ ਹੈ। ਪੰਜਾਂ ‘ਤੇ ਇਲਜ਼ਾਮ ਹਨ ਕਿ ਇਨ੍ਹਾਂ ਨੇ ਵਿੱਦਿਅਕ ਟੂਰ ਦੇ ਬਹਾਨੇ ਚਾਰ ਬੱਚੇ ਅਮਰੀਕਾ ਲੈ ਕੇ ਗਏ ਸਨ। ਸੀਬੀਆਈ ਨੂੰ ਅਮਰੀਕੀ ਅੰਬੈਸੀ ਨੇ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਮੁੱਢਲੀ ਜਾਂਚ ਕੀਤੇ ਜਾਣ ‘ਤੇ ਹੀ ਇਹ ਕੇਸ ਦਰਜ ਕੀਤਾ ਗਿਆ ਹੈ।

ਮਾਮਲਾ ਕੁਝ ਪੁਰਾਣਾ ਹੈ। ਅਮਰੀਕੀ ਅੰਬੈਸੀ ਦੇ ਸਹਾਇਕ ਖੇਤਰੀ ਸੁਰੱਖਿਆ ਅਫ਼ਸਰ ਵਿਲੀਅਮ ਜੇ. ਏਲਵਰਡ ਨੇ 10 ਅਗਸਤ 2017 ਨੂੰ ਸੂਚਨਾ ਮਿਲੀ ਸੀ ਕਿ ਗਗਨ ਗੁਪਤਾ ਨਾਂ ਦੀ ਔਰਤ ਚਾਰ ਬੱਚਿਆਂ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਛਾਣਬੀਣ ਕੀਤੀ ਤੇ ਸੀਬੀਆਈ ਨੂੰ ਇਸ ਦੀ ਸ਼ਿਕਾਇਤ ਇਸੇ ਸਾਲ ਸੱਤ ਫਰਵਰੀ ਨੂੰ ਭੇਜੀ ਗਈ। ਸੀਬੀਆਈ ਨੇ 28 ਅਪਰੈਲ, 2018 ਨੂੰ ਮੁਢਲੀ ਜਾਂਚ ਸ਼ੁਰੂ ਕੀਤੀ।

ਜਾਂਚ ਵਿੱਚ ਪਾਇਆ ਗਿਆ ਕਿ ਖ਼ੁਦ ਨੂੰ ਸੇਂਟ. ਜੋਸੇਫ਼ ਕੌਨਵੈਂਟ ਸਕੂਲ ਦੀ ਪ੍ਰਿੰਸੀਪਲ ਦੱਸਣ ਵਾਲੀ ਗਗਨ ਗੁਪਤਾ ਨੇ ਵਿਦਿਆਰਥੀ ਅਮਨਪ੍ਰੀਤ ਸਿੰਘ ਮੁਲਤਾਨੀ, ਆਕਾਸ਼ਦੀਪ ਸਿੰਘ, ਮੋਹਿਤ ਤੇ ਅਣਪਛਾਤੇ ਬੱਚੇ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਹੈ। ਜਦ ਅੰਬੈਸੀ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਪੈ ਗਿਆ। ਅਮਰੀਕੀ ਅਧਿਕਾਰੀਆਂ ਨੇ ਜਾਂਚ ਕੀਤੀ ਤੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਵੀ ਭੇਜ ਦਿੱਤੀ।

ਸੀਬੀਆਈ ਨੇ ਆਪਣੀ ਪੜਤਾਲ ਤੋਂ ਬਾਅਦ ਵੀਜ਼ਾ ਲਵਾਉਣ ਵਿੱਚ ਮਦਦ ਕਰਨ ਵਾਲੇ ਕਿੰਗਜ਼ ਪੰਜਾਬ ਟ੍ਰੈਵਲਜ਼ ਦੇ ਮਾਲਕ ਬਲਰਾਜ ਸਿੰਘ, ਪਠਾਨਕੋਟ ਦੀ ਰਹਿਣ ਵਾਲੀ ਗਗਨ ਗੁਪਤਾ, ਚੰਡੀਗੜ੍ਹ ਵਾਸੀ ਚੇਤਨ ਸੱਭਰਵਾਲ, ਤਰਨ ਤਾਰਨ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ, ਹੁਸ਼ਿਆਰਪੁਰ ਦੇ ਰਹਿਣ ਵਾਲੇ ਤਿਲਕ ਰਾਜ ਤੇ ਇੱਕ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕਰ ਲਿਆ ਹੈ।

ਬੱਚਿਆਂ ਦੀ ਤਸਕਰੀ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਰਹਿਣ ਵਾਲੇ ਕਾਲਾ ਨਾਮੀਂ ਵਿਅਕਤੀ ਨੇ ਦਿੱਲੀ ਦੇ ਆਰਿਅਨ ਨਾਲ ਰਲ ਕੇ ਕਈ ਨਾਬਾਲਗ਼ ਕੁੜੀਆਂ ਨੂੰ ਨੌਕਰੀ ਦਾ ਲਾਰਾ ਲਾ ਕੇ ਤਸਕਰੀ ਤਹਿਤ ਕੀਨੀਆ ਭੇਜ ਦਿੱਤਾ ਸੀ। ਭਾਰਤੀ ਹਾਈ ਕਮਿਸ਼ਨ ਨੇ ਕੀਨੀਆ ਤੋਂ ਤਿੰਨ ਕੁੜੀਆਂ ਨੂੰ ਛੁਡਾ ਵੀ ਲਿਆ ਹੈ।