Menu

ਭਾਰਤੀ ਪਰਬਤਾਰੋਹੀਆਂ ਦੇ ਆਖਰੀ ਦਰਸ਼ਨਾਂ ਲਈ ਇਕ ਸਾਲ ਤਕ ਤਰਸੇਗਾ ਪਰਿਵਾਰ

ਕਾਠਮੰਡੂ— ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿਚ ਚੜ੍ਹਾਈ ਕਰਦੇ ਸਮੇਂ ਮੌਤ ਹੋ ਗਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਉੱਥੋਂ ਲਿਆਉਣਾ ਮੁਸ਼ਕਿਲ ਹੋ ਗਿਆ ਹੈ। ਖ਼ਰਾਬ ਮੌਸਮ ਤੋਂ ਬਾਅਦ ਨੇਪਾਲੀ ਰਾਹਤ ਕਰਮੀਆਂ ਨੇ ਇਨ੍ਹਾਂ ਦੀਆਂ ਲਾਸ਼ਾਂ ਮਾਊਂਟ ਐਵਰੈਸਟ ਤੋਂ ਹੇਠਾਂ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਛੱਡ ਦਿੱਤਾ ਹੈ। ਹੁਣ ਦੋਹਾਂ ਪਰਬਤਾਰੋਹੀਆਂ ਪਰੇਸ਼ ਨਾਥ ਅਤੇ ਗੌਤਮ ਘੋਸ਼ ਦੀਆਂ ਲਾਸ਼ਾਂ ਨੂੰ ਅਗਲੇ ਸਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਪਰਬਤ ‘ਤੇ ਚੜ੍ਹਾਈ ਦਾ ਮੌਸਮ ਖ਼ਤਮ ਹੋ ਗਿਆ ਹੈ। ਇਸ ਮੌਸਮ ‘ਚ ਕੁੱਲ ਤਿੰਨ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਹਫ਼ਤੇ ਸੁਭਾਸ਼ ਪਾਲ ਦੀ ਦੇਹ ਨੂੰ ਕਾਠਮੰਡੂ ਲਿਆਂਦਾ ਗਿਆ ਸੀ। ਉਸ ਨੇ ਐਵਰੈਸਟ ਨੂੰ ਫ਼ਤਿਹ ਕਰ ਲਿਆ ਸੀ ਪਰ ਚੋਟੀ ਤੋਂ ਹੇਠਾਂ ਉਤਰਦੇ ਸਮੇਂ ਉਸ ਦੀ ਮੌਤ ਹੋ ਗਈ ਸੀ।
ਟਰੈਕਿੰਗ ਕੈਂਪ ਨੇਪਾਲ ਦੇ ਐਮਡੀ ਵਾਂਗਚੂ ਸ਼ੇਰਪਾ ਨੇ ਕਿਹਾ ਕਿ ਮਾਊਂਟ ਐਵਰੈਸਟ ‘ਤੇ ਹੁਣ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਸ ‘ਤੇ ਚੜ੍ਹਿਆ ਨਹੀਂ ਜਾ ਸਕਦਾ। ਪਰੇਸ਼ ਅਤੇ ਗੌਤਮ 8848 ਮੀਟਰ ਉੱਚੀ ਚੋਟੀ ਦੇ ਸਿਖਰ ਨੇੜੇ ਸਨ ਜਦੋਂ 21 ਮਈ ਨੂੰ ਉਨ੍ਹਾਂ ਦਾ ਆਪਣੀ ਟੀਮ ਨਾਲੋਂ ਸੰਪਰਕ ਟੁੱਟ ਗਿਆ ਸੀ।
ਰਾਹਤ ਕਰਮੀਆਂ ਨੂੰ ਪਰੇਸ਼ ਦੀ ਦੇਹ ਪਿਛਲੇ ਸ਼ੁੱਕਰਵਾਰ ਨੂੰ 8000 ਮੀਟਰ ‘ਤੇ ਦਿਖਾਈ ਦਿੱਤੀ ਸੀ ਪਰ ਉਸ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਘੋਸ਼ ਦੀ ਲਾਸ਼ ਵੀ ਉਸੇ ਦਿਨ ਹੀ ਦਿਸ ਪਈ ਸੀ ਪਰ ਤੇਜ਼ ਹਵਾਵਾਂ ਨੇ ਰਾਹਤ ਕਰਮੀਆਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਜ਼ਿਕਰਯੋਗ ਹੈ ਕਿ ਐਵਰੈਸਟ ‘ਤੇ ਚੜ੍ਹਾਈ ਦਾ ਮੌਸਮ ਖ਼ਤਮ ਹੋ ਗਿਆ ਹੈ। ਇਸ ਵਾਰ 450 ਪਰਬਤਾਰੋਹੀਆਂ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਸਫ਼ਲਤਾਪੂਰਬਕ ਫ਼ਤਿਹ ਕੀਤਾ ਹੈ।