World

ਭਾਰਤੀ ਪ੍ਰੋਫੈਸਰ ਨੂੰ ਮਿਲੀ ਚੀਨ ਦੇ ਸੀਨੀਅਰ ਬਿਜ਼ਨਸ ਇੰਸਟੀਚਿਊਟ ਦੀ ਕਮਾਨ

ਬੀਜਿੰਗ — ਅਮਰੀਕਾ ਵਿਚ ਮਸ਼ਹੂਰ ਭਾਰਤੀ ਪ੍ਰੋਫੈਸਰ ਦੀਪਕ ਜੈਨ ਨੂੰ ਚੀਨ ਦੇ ਉੱਚ ਗਲੋਬਲ ਬਿਜ਼ਨਸ ਸਕੂਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਦੀਪਕ ਨੂੰ ਸ਼ੰਘਾਈ ਦੇ ਚਾਈਨਾ ਯੂਰਪ ਇੰਟਰਨੈਸ਼ਨਲ ਬਿਜ਼ਨਸ ਸਕੂਲ (ਸੀ.ਈ.ਆਈ.ਬੀ.ਐੱਸ.) ਦੇ ਯੂਰਪੀ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਉਹ ਪੈਡਰੋ ਨੁਏਨੋ ਦੀ ਜਗ੍ਹਾ ਲੈਣਗੇ, ਜੋ ਬੀਤੇ 28 ਸਾਲ ਤੋਂ ਇਸ ਅਹੁਦੇ ਨੂੰ ਸੰਭਾਲ ਰਹੇ ਸਨ। ਦੀਪਕ ਇਹ ਜ਼ਿੰਮੇਵਾਰੀ ਆਪਣੇ ਚੀਨੀ ਹਮਰੁਤਬਾ ਲੀ ਮਿੰਗਜੁਨ ਨਾਲ ਸੰਭਾਲਣਗੇ। 61 ਸਾਲਾ ਦੀਪਕ ਦਾ ਜਨਮ ਅਸਮ ਦੇ ਤੇਜ਼ਪੁਰ ਵਿਚ ਹੋਇਆ ਸੀ ਅਤੇ ਉਨ੍ਹਾਂ ਦੀ ਸਕੂਲੀ ਪੜ੍ਹਾਈ ਵੀ ਉੱਥੇ ਹੀ ਹੋਈ ਸੀ।
ਦੀਪਕ ਦੁਨੀਆ ਦੇ ਦੋ ਵੱਕਾਰੀ ਬਿਜ਼ਨਸ ਸਕੂਲਾਂ ਕੇਲੋਗ ਸਕੂਲ ਆਫ ਮੈਨੇਜਮੈਂਟ ਅਤੇ ਇਨਸੀਡ ਦੇ ਡੀਨ ਰਹਿ ਚੁੱਕੇ ਹਨ। ਇਕ ਅੰਗਰੇਜ਼ੀ ਅਖਬਾਰ ਵਿਚ ਦੀਪਕ ਦੇ ਹਵਾਲੇ ਨਾਲ ਕਿਹਾ ਗਿਆ ਹੈ,”ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਨਵੀਂ ਭੂਮਿਕਾ ਮੇਰੇ ਲਈ ਇਸ ਦੇਸ਼ ਨੂੰ ਜਾਨਣ ਦਾ ਮੌਕਾ ਹੈ। ਹਾਲੇ ਤੱਕ ਮੈਂ ਇਸ ਦੇਸ਼ ਨੂੰ ਬਾਹਰੋਂ ਹੀ ਦੇਖ ਰਿਹਾ ਸੀ। ਮੈਂ ਬਿਜ਼ਨਸ ਸਿੱਖਿਆ ‘ਤੇ ਜ਼ੋਰ ਦੇਵਾਂਗਾ।” ਦੀਪਕ ਬੀਤੇ ਸਾਲ ਸਤੰਬਰ ਤੋਂ ਸੀ.ਈ.ਆਈ.ਬੀ.ਐੱਸ. ਵਿਚ ਮਾਰਕੀਟਿੰਗ ਪੜ੍ਹਾ ਰਹੇ ਹਨ। ਉਹ ਸ਼ਿਕਾਗੋ ਵਿਚ ਰਹਿੰਦੇ ਹਨ ਅਤੇ ਮਹੀਨੇ ਵਿਚ 10 ਤੋਂ 15 ਦਿਨ ਲਈ ਸ਼ੰਘਾਈ ਜਾਂਦੇ ਹਨ।