World

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਬ੍ਰਿਟਿਸ਼ ਪੀ.ਐੱਮ. ਦੀਆਂ ਵਧਾਈਆਂ ਮੁਸ਼ਕਲਾਂ

ਲੰਡਨ — ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤੀ ਪਟੇਲ ਨੇ ਬ੍ਰੈਗਜ਼ਿਟ ਮਾਮਲੇ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਵਿਰੋਧੀਆਂ ਨਾਲ ਹੱਥ ਮਿਲਾ ਲਿਆ ਹੈ। ਪ੍ਰੀਤੀ ਦੇ ਇਸ ਕਦਮ ਨਾਲ ਥੈਰੇਸਾ ਮੇਅ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਪ੍ਰੀਤੀ ਨੇ 62 ਹੋਰ ਕੰਜ਼ਰਵੇਟਿਵ ਸੰਸਦ ਮੈਂਬਰਾਂ ਨਾਲ ਇਕ ਪੱਤਰ ‘ਤੇ ਦਸਤਖਤ ਕੀਤੇ ਹਨ, ਜਿਸ ਵਿਚ ਬ੍ਰੈਗਜ਼ਿਟ ਨੂੰ ਲੈ ਕੇ ਸਰਕਾਰ ਦੇ ਅਨੁਮਾਨਾਂ ਦੇ ਹਮਲਾ ਕੀਤਾ ਗਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਦੀ ਟੀਮ ‘ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਸਥਿਤੀ ਵਿਚ ਬ੍ਰਿਟੇਨ ‘ਤੇ ਉਲਟ ਆਰਥਿਕ ਪ੍ਰਭਾਵ ਪੈਣ ਦੀ ਗੱਲ ਲੀਕ ਕੀਤੀ ਜਾ ਰਹੀ ਹੈ।

ਸਾਬਕਾ ਬ੍ਰੈਗਜ਼ਿਟ ਮੰਤਰੀ ਸਟੀਵ ਬੇਕਰ ਦੀ ਅਗਵਾਈ ਵਿਚ ਇਨ੍ਹਾਂ ਸੰਸਦ ਮੈਂਬਰਾਂ ਨੇ ਕੌਮੀ ਹਿੱਤਾਂ ਨੂੰ ਦੇਖਦਿਆਂ ਹੋਏ ਰਚਨਾਤਮਕ ਅਤੇ ਪਾਰਦਰਸ਼ੀ ਰਵੱਈਆ ਅਪਨਾਉਣ ਦੀ ਅਪੀਲ ਕੀਤੀ ਹੈ। ਪੱਤਰ ਮੁਤਾਬਕ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਬਾਅਦ ਲਗਾਏ ਜਾ ਰਹੇ ਆਪਸੀ ਵਿਰੋਧੀ ਅੰਦਾਜ਼ਿਆਂ ਕਾਰਨ ਆਮ ਆਦਮੀ ਖੁਦ ਨੂੰ ਠੱਗਿਆ ਹੋਇਆ ਅਤੇ ਪਰੇਸ਼ਾਨ ਮਹਿਸੂਸ ਕਰ ਰਿਹਾ ਹੈ।

ਜਾਣੋ ਪ੍ਰੀਤੀ ਪਟੇਲ ਦੇ ਬਾਰੇ ‘ਚ
– ਯੁਗਾਂਡਾ ਤੋਂ ਲੰਡਨ ਭੱਜ ਕੇ ਆਏ ਇਕ ਗੁਜਰਾਤੀ ਪਰਿਵਾਰ ਵਿਚ ਪੈਦਾ ਹੋਈ ਪਟੇਲ ਨੇ ਵੈਟਫੋਰਡ ਗ੍ਰਾਮਰ ਸਕੂਲ ਫੌਰ ਗਰਲਜ਼ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਉਚੇਰੀ ਸਿੱਖਿਆ ਕੀਲ ਅਤੇ ਅਸੈਕਸ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ।
– ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਸੈਂਟਰਲ ਆਫਿਸ ਵਿਚ ਨੌਕਰੀ ਕੀਤੀ ਹੈ। ਉਹ ਸਾਲ 1995 ਤੋਂ ਸਾਲ 1997 ਤੱਕ ਸਰ ਜੇਮਸ ਗੋਲਡਸਮਿਥ ਦੀ ਅਗਵਾਈ ਵਾਲੀ ਰੈਫਰੈਂਡਮ ਪਾਰਟੀ ਦੀ ਬੁਲਾਰਨ ਰਹੀ ਹੈ।
– ਬ੍ਰਿਟੇਨ ਦੀ ਸਾਬਕਾ ਪੀ.ਐੱਮ. ਮਾਰਗ੍ਰੇਟ ਥੈਚਰ ਨੂੰ ਆਪਣਾ ਆਦਰਸ਼ ਨੇਤਾ ਮੰਨਣ ਵਾਲੀ ਪ੍ਰੀਤੀ ਪਟੇਲ ਵਿਲੀਅਮ ਹੇਗ ਦੇ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਬਣਨ ਦੇ ਬਾਅਦ ਪਾਰਟੀ ਵਿਚ ਵਾਪਸ ਆ ਗਈ ਸੀ ਅਤੇ ਸਾਲ 1997 ਤੋਂ 2000 ਤੱਕ ਡਿਪਟੀ ਪ੍ਰੈੱਸ ਸੈਕਟਰੀ ਰਹੀ।
– ਸਾਲ 2005 ਵਿਚ ਉਹ ਨੌਟਿੰਘਮ ਸੀਟ ਲਈ ਹੋਈ ਚੋਣ ਹਾਰ ਗਈ ਸੀ ਪਰ ਸਾਲ 2010 ਵਿਚ ਉਨ੍ਹਾਂ ਨੇ ਵਿਟਹੈਮ ਸੀਟ ਤੋਂ ਚੋਣ ਜਿੱਤੀ ਸੀ।
– ਪਟੇਲ ਸਾਲ 2010 ਵਿਚ ਸੰਸਦ ਮੈਂਬਰ ਚੁਣੀ ਗਈ ਸੀ। 15 ਜੁਲਾਈ 2014 ਨੂੰ ਉਹ ਬ੍ਰਿਟੇਨ ਦੀ ਖਜ਼ਾਨਾ ਸਕੱਤਰ ਨਿਯੁਕਤ ਹੋਈ ਸੀ।
– ਪ੍ਰੀਤੀ ਪਟੇਲ ਨੇ ਇਜ਼ਰਾਇਲ ਵਿਚ ਛੁੱਟੀਆਂ ਦੌਰਾਨ ਯਹੂਦੀ ਦੇਸ਼ ਦੇ ਨੇਤਾਵਾਂ ਨਾਲ ਗੈਰ ਰਸਮੀ ਗੁਪਤ ਬੈਠਕਾਂ ਨੂੰ ਲੈ ਕੇ ਹੋਏ ਵਿਵਾਦ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।