World

ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ

ਲੰਡਨ : ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਭਾਰਤੀ ਸਟਰੇਨ ਨਾਲ ਜੁੜੇ 55 ਹੋਰ ਮਾਮਲੇ ਸਾਹਮਣੇ ਆਉਣ ਦੇ ਬਾਅਦ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਸ਼ੁੱਕਰਵਾਰ ਤੋਂ ‘ਰੈੱਡ ਲਿਸਟ’ ਕੋਵਿਡ-19 ਯਾਤਰਾ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਭਾਰਤ ਤੋਂ ਲੋਕਾਂ ਦੇ ਬ੍ਰਿਟੇਨ ਆਉਣ ’ਤੇ ਪਾਬੰਦੀ ਹੈ ਅਤੇ ਨਵੀਂ ਦਿੱਲੀ ਤੋਂ ਆਪਣੇ ਦੇਸ਼ ਪਰਤ ਰਹੇ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਲਈ ਹੋਟਲ ਵਿਚ 10 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ। 

ਪਾਬੰਦੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਬ੍ਰਿਟੇਨ ਦੇ ਸਿਹਤ ਵਿਭਾਗ ਦੀ ਇਕਾਈ ‘ਪਬਲਿਕ ਹੈਲਥ ਇੰਗਲੈਂਡ’ ਨੇ ਦੇਸ਼ ਵਿਚ ਵਾਇਰਸ ਦੇ ਤਥਾਕਥਿਤ ਦੋਹਰੇ ਪਰਿਵਰਤਨ ਵਾਲੇ ਭਾਰਤੀ ਸਟਰੇਨ ‘ਬੀ.1.617’ ਨਾਲ ਜੁੜੇ ਇੰਫੈਕਸ਼ਨ ਦੇ 55 ਹੋਰ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਵਾਇਰਸ ਦੇ ਇਸ ਸਟਰੇਨ ਨਾਲ ਜੁੜੇ ਮਾਮਲਿਆਂ ਦੀ ਕੁੱਲ ਸੰਖਿਆ ਬ੍ਰਿਟੇਨ ਵਿਚ 132 ਹੋ ਗਈ ਹੈ।

ਬ੍ਰਿਟੇਨ ਵਿਚ ਵਾਇਰਸ ਦੇ ਇਸ ਸਟਰੇਨ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਰੱਖਿਆ ਗਿਆ ਹੈ। ‘ਰੈਡ ਲਿਸਟ’ ਪਾਬੰਦੀਆਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬ੍ਰਿਟੇਨ ਲਈ ਭਾਰਤ ਤੋਂ ਆਖ਼ਰੀ ਉਡਾਣ ਵੀਰਵਾਰ ਦੀ ਸ਼ਾਮ ਲੰਡਨ ਸਥਿਤ ਹੀਥਰੋ ਹਵਾਈਅੱਡੇ ’ਤੇ ਉਤਰੀ ਜੋ ਨਵੀਂ ਦਿੱਲੀ ਤੋਂ ਗਈ ਸੀ। ਬ੍ਰਿਟੇਨ ਨੇ ‘ਰੈੱਡ ਲਿਸਟ’ ਸ਼੍ਰੇਣੀ ਦੀਆਂ ਯਾਤਰਾ ਪਾਬੰਦੀਆਂ ਵਿਚ 40 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਵੇਂ ਸਟਰੇਨ ਦੇ ਪ੍ਰਸਾਰ ਦੇ ਲਿਹਾਜ ਨਾਲ ਜ਼ਿਆਦਾ ਜੋਖ਼ਮ ਵਾਲਾ ਮੰਨਿਆ ਜਾ ਰਿਹਾ ਹੈ।