India News UK News

ਭਾਰਤ ‘ਚ ਸਾਹਮਣੇ ਆਏ ਵਾਇਰਸ ਦੇ ਵੈਰੀਐਂਟ ਖ਼ਿਲਾਫ਼ ‘ਟੀਕੇ’ ਬਹੁਤ ਪ੍ਰਭਾਵਸ਼ਾਲੀ

ਲੰਡਨ : ਇੰਗਲੈਂਡ ਵਿਚ ਸਿਹਤ ਅਧਿਕਾਰੀਆਂ ਨੇ ਆਪਣੀ ਨਵੀਂ ਖੋਜ ਵਿਚ ਪਹਿਲੀ ਵਾਰ ਇਹ ਪਾਇਆ ਹੈ ਕਿ ਭਾਰਤ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਬੀ1,617.2 ਖ਼ਿਲਾਫ਼ ਕੋਵਿਡ-19 ਟੀਕੇ ਦੀਆਂ 2 ਖੁਰਾਕਾਂ ਬਹੁਤ ਪ੍ਰਭਾਵੀ ਹਨ। ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਨੇ ਸ਼ਨੀਵਾਰ ਨੂੰ ਕਿਹਾ ਕਿ ਫਾਈਜ਼ਰ/ਬਾਇਓਨਟੈਕ ਦਾ ਟੀਕਾ ਵਾਇਰਸ ਦੇ ਵੈਰੀਐਂਟ ਬੀ1.617.2 ਖ਼ਿਲਾਫ਼ ਦੂਜੀ ਖੁਰਾਕ ਦੇ ਦੋ ਹਫ਼ਤੇ ਬਾਅਦ 88 ਫੀਸਦੀ ਕਾਰਗਰ ਰਿਹਾ। ਉੱਥੇ ਇਸ ਵੈਰੀਐਂਟ ਖ਼ਿਲਾਫ਼ ਆਕਸਫੋਰਡ/ ਐਸਟ੍ਰਾਜ਼ੈਨੇਕਾ ਦਾ ਟੀਕਾ 60 ਫੀਸਦੀ ਪ੍ਰਭਾਵੀ ਰਿਹਾ।

 

ਭਾਵੇਂਕਿ ਖੋਜ ਵਿਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਹੀ ਟੀਕਿਆਂ ਦੀ ਇਕ ਖੁਰਾਕ ਦੇ ਬਾਅਦ ਇਹ ਸਿਰਫ 33 ਫੀਸਦੀ ਪ੍ਰਭਾਵੀ ਰਹੇ। ਸੀਰਮ ਇੰਸਟੀਚਿਊਟ ਆਫ ਇੰਡੀਆ ਆਕਸਫੋਰਡ/ਐਸਟ੍ਰਾਜ਼ੈਨੇਕਾ ਦੇ ਟੀਕੇ ਕੋਵੀਸ਼ੀਲਡ ਦਾ ਉਤਪਾਦਨ ਕਰ ਰਹੀ ਹੈ, ਜਿਸ ਦੀ ਵਰਤੋਂ ਭਾਰਤ ਵਿਚ ਕੋਵਿਡ-19 ਤੋਂ ਬਚਾਅ ਲਈ ਕੀਤੀ ਜਾ ਰਹੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਕਾਕ ਨੇ ਕਿਹਾ,”ਨਵੇਂ ਸਬੂਤ ਕਾਫੀ ਮਹੱਤਵਪੂਰਨ ਹਨ ਅਤੇ ਸਾਬਤ ਕਰਦੇ ਹਨ ਕਿ ਸਾਡੇ ਪਿਆਰਿਆਂ ਦਾ ਬਚਾਅ ਕਰਨ ਵਿਚ ਸਾਡੀ ਕੋਵਿਡ-19 ਟੀਕਾਕਰਨ ਮੁਹਿੰਮ ਕਿੰਨੀ ਮਹੱਤਵਪੂਰਨ ਹੈ।” ਉਹਨਾਂ ਨੇ ਕਿਹਾ,”ਇਹ ਸਾਫ ਹੈ ਕਿ ਕੋਵਿਡ-19 ਅਤੇ ਇਸ ਦੇ ਵੈਰੀਐਂਟਾਂ ਤੋਂ ਪ੍ਰਭਾਵੀ ਸੁਰੱਖਿਆ ਲਈ ਟੀਕੇ ਦੀ ਦੂਜੀ ਖੁਰਾਕ ਕਿੰਨੀ ਮਹੱਤਵਪੂਰਨ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਵਾਰੀ ਆਉਣ ‘ਤੇਟੀਕਿਆਂ ਲਈ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ।”

 

ਖੋਜ ਵਿਚ ਪਾਇਆ ਗਿਆ ਕਿ ਟੀਕੇ ਦੀਆਂ ਦੋ ਖੁਰਾਕਾਂ ਕੈਂਟ ਵਿਚ ਸਾਹਮਣੇ ਆਏ ਵਾਇਰਸ ਦੇ ਵੈਰੀਐਂਟ ਬੀ1.1.7 ਖ਼ਿਲਾਫ਼ ਵੀ ਉੰਨੀਆਂ ਹੀ ਕਾਰਗਰ ਹਨ ਜਿੰਨੀਆਂ ਬੀ1.617.2 ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਹਨ। ਬ੍ਰਿਟੇਨ ਵਿਚ ਵਾਇਰਸ ਦਾ ਵੈਰੀਐਂਟ ਬੀ1.1.7 ਸਭ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਇਸ ਦੇ ਮੁਤਾਬਕ ਫਾਈਜ਼ਰ ਟੀਕੇ ਦੀਆਂ ਦੋ ਖੁਰਾਕਾਂ ਵਾਇਰਸ ਦੇ ਵੈਰੀਐਂਟ ਬੀ1.1.7 ਖ਼ਿਲਾਫ਼ 93 ਫੀਸਦੀ ਪ੍ਰਭਾਵੀ ਰਹੀਆਂ ਜਦਕਿ ਇਸ ਵੈਰੀਐਂਟ ਖ਼ਿਲਾਫ਼ ਆਕਸਫੋਰਡ/ਐਸਟ੍ਰਾਜ਼ੈਨੇਕਾ ਦਾ ਟੀਕਾ 66 ਫੀਸਦੀ ਪ੍ਰਭਾਵੀ ਰਿਹਾ। ਉੱਥੇ ਇਹਨਾਂ ਦੋਹਾਂ ਟੀਕਿਆਂ ਦੀ ਇਕ ਖੁਰਾਕ ਵਾਇਰਸ ਦੇ ਵੈਰੀਐਂਟ ਬੀ1.1.7 ਖ਼ਿਲਾਫ਼ 50 ਫੀਸਦੀ ਪ੍ਰਭਾਵੀ ਰਹੀ। 

 

ਪੀ.ਐੱਚ.ਈ. ਦੀ ਟੀਕਾਕਰਨ ਪ੍ਰਮੁੱਖ ਡਾਕਟਰ ਮੈਰੀ ਰਾਮਸੇ ਨੇ ਕਿਹਾ ਕਿ ਇਹ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕਿਸੇ ਵੀ ਟੀਕੇ ਦੀਆਂ 2 ਖੁਰਾਕਾਂ ਕੋਰੋਨਾ ਵਾਇਰਸ ਦੇ ਵੈਰੀਐਂਟ ਬੀ1.617.2 ਖ਼ਿਲਾਫ਼ ਉੱਚ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਸ ਖੋਜ ਵਿਚ ਵਾਇਰਸ ਦੇ ਵੈਰੀਐਂਟ ਬੀ1.617.2 ਦੇ ਸਾਹਮਣੇ ਆਉਣ ਦੇ ਬਾਅਦ 5 ਅਪ੍ਰੈਲ ਦੇ ਬਾਅਦ ਤੋਂ ਸਾਰੇ ਉਮਰ ਵਰਗ ਦੇ ਲੋਕਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ।