India News

ਭਾਰਤ ਦਾ ਵਫ਼ਾਦਾਰ ਦੋਸਤ ਰਹੇਗਾ ਅਮਰੀਕਾ : ਟਰੰਪ

ਅਹਿਮਦਾਬਾਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਟੇਰਾ ਸਟੇਡੀਅਮ ‘ਚ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਆਉਣਾ ਮਾਣ ਵਾਲੀ ਗੱਲ ਹੈ। ਨਰਿੰਦਰ ਮੋਦੀ ਇੱਕ ਚੈਂਪੀਅਨ ਹਨ, ਜੋ ਭਾਰਤ ਨੂੰ ਵਿਕਾਸ ਦੀ ਦਿਸ਼ਾ ਵੱਲ ਲਿਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਅਤੇ ਮੇਲਾਨੀਆ 8000 ਮੀਲ ਦੀ ਦੂਰੀ ਤੈਅ ਕਰਕੇ ਇੱਥੇ ਪਹੁੰਚੇ ਹਾਂ। ਅਮਰੀਕਾ ਭਾਰਤ ਦਾ ਦੋਸਤ ਹੈ। ਅਮਰੀਕਾ ਭਾਰਤ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ।
ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 5 ਮਹੀਨੇ ਪਹਿਲਾਂ ਅਮਰੀਕਾ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਸਾਡਾ ਸਵਾਗਤ ਕਰ ਰਿਹਾ ਹੈ ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡਾ ਸਵਾਗਤ ਕੀਤਾ। ਅੱਜ ਤੋਂ ਭਾਰਤ ਸਾਡਾ ਸਭ ਤੋਂ ਅਹਿਮ ਦੋਸਤ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜ਼ਿਦਗੀ ‘ਚ ਸਖ਼ਤ ਮਿਹਨਤ ਕੀਤੀ ਅਤੇ ਚਾਹ ਵਾਲੇ ਦੀ ਤਰ੍ਹਾਂ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ ‘ਤੇ ਕੰਮ ਕੀਤਾ। ਅੱਜ ਹਰ ਕੋਈ ਪੀਐਮ ਮੋਦੀ ਨੂੰ ਪਿਆਰ ਕਰਦਾ ਹੈ, ਪਰ ਉਹ ਬਹੁਤ ਸਖਤ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਸਭ ਤੋਂ ਮਸ਼ਹੂਰ ਨੇਤਾ ਹਨ। ਪਿਛਲੇ ਸਾਲ 60 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਦਿੱਤੀ ਸੀ ਅਤੇ ਸਭ ਤੋਂ ਵੱਡੀ ਚੋਣ ਜਿੱਤ ਦਰਜ ਕੀਤੀ।

ਡੋਨਾਲਡ ਟਰੰਪ ਨੇ ਇਸ ਦੌਰਾਨ ਹੋਲੀ, ਦੀਵਾਲੀ ਵਰਗੇ ਤਿਉਹਾਰਾਂ ਦਾ ਜ਼ਿਕਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਹਿੰਦੂ, ਜੈਨ, ਮੁਸਲਮਾਨ, ਸਿੱਖ ਸਮੇਤ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਜਿੱਥੇ ਦਰਜਨਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਫਿਰ ਵੀ ਦੇਸ਼ ‘ਚ ਇੱਕ ਸ਼ਕਤੀ ਦੀ ਤਰ੍ਹਾਂ ਲੋਕ ਰਹਿੰਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਉੱਥੇ ਵਿਕਾਸ ‘ਚ ਵੱਡੀ ਭੂਮਿਕਾ ਨਿਭਾਈ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ‘ਚ ਰਹਿੰਦੇ ਬਹੁਤ ਸਾਰੇ ਵਪਾਰੀ ਗੁਜਰਾਤ ਤੋਂ ਆਉਂਦੇ ਹਨ। ਅਜਿਹੀ ਸਥਿਤੀ ‘ਚ ਮੈਂ ਸਾਰਿਆਂ ਦਾ ਅਮਰੀਕਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ ਕਰਦਾ ਹਾਂ।
ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅੱਜ ਆਪਣੇ ਲੋਕਾਂ ‘ਤੇ ਵਿਸ਼ਵਾਸ ਕਰਦਾ ਹੈ, ਜੋ ਅਮਰੀਕਾ ਅਤੇ ਭਾਰਤ ਨੂੰ ਬਰਾਬਰ ਬਣਾਉਂਦੇ ਹਨ। ਅਮਰੀਕਾ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਜਿਸ ਵਿੱਚ ਹਰ ਵਿਅਕਤੀ ਨੂੰ ਬਰਾਬਰ ਸਮਝਿਆ ਜਾਂਦਾ ਹੈ। ਇਸ ਸਮੇਂ ਅਮਰੀਕੀ ਰਾਸ਼ਟਰਪਤੀ ਨੇ ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ।