India News World

ਭਾਰਤ ਨੂੰ ਹੁਣ ਅਸੀਂ ਹੋਰ ਕੋਰੋਨਾ ਦੇ ਟੀਕੇ ਨਹੀਂ ਭੇਜ ਸਕਦੇ : UK

ਲੰਡਨ – ਬ੍ਰਿਟੇਨ ਨੇ ਮੰਗਲਵਾਰ ਆਖਿਆ ਕਿ ਉਹ ਫਿਲਹਾਲ ਕੋਵਿਡ-19 ਟੀਕਿਆਂ ਲਈ ਆਪਣੀ ਘਰੇਲੂ ਤਰਹੀਜ਼ ‘ਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਪੜਅ ਵਿਚ ਭਾਰਤ ਜਿਹੇ ਜ਼ਰੂਰਤਮੰਦ ਮੁਲਕਾਂ ਨੂੰ ਮੁਹੱਈਆ ਕਰਾਉਣ ਲਈ ਉਸ ਕੋਲ ਹੁਣ ਹੋਰ ਖੁਰਾਕਾਂ ਨਹੀਂ ਹਨ। ਭਾਰਤ ਵਿਚ ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਸਬੰਧ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਕਿ ਇਸ ਪ੍ਰਕਿਰਿਆ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮੁਲਕ 495 ਆਕਸੀਜਨ ਕੰਸੰਟ੍ਰੇਨਰ, 120 ਵੈਂਟੀਲੇਟਰ ਆਦਿ ਦਾ ਇਕ ਸਹਾਇਤਾ ਪੈਕੇਜ ਭੇਜ ਰਿਹਾ ਹੈ ਤਾਂ ਜੋ ਭਾਰਤ ਵਿਚ ਸਪਲਾਈ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਉਥੇ ਹੀ 100 ਵੈਂਟੀਲੇਟਰ ਅਤੇ 95 ਆਕਸੀਜਨ ਕੰਸੰਟ੍ਰੇਨਰ ਦੀ ਪਹਿਲੀ ਖੇਪ ਮੰਗਲਵਾਰ ਤੱਕ ਭਾਰਤ ਪਹੁੰਚ ਜਾਵੇਗੀ। ਬੁਲਾਰੇ ਨੇ ਆਖਿਆ ਕਿ ਅਸੀਂ ਫਰਵਰੀ ਵਿਚ ਵਚਨਬੱਧਤਾ ਜਤਾਈ ਸੀ ਕਿ ਬ੍ਰਿਟੇਨ ਨੂੰ ਹੋਣ ਵਾਲੀ ਸਪਲਾਈ ਨਾਲ ਹੋਰ ਖੁਰਾਕਾਂ ‘ਕੋਵੈਕਸ ਖਰੀਦ ਪੂਲ’ ਅਤੇ ਜ਼ਰੂਰਤਮੰਦ ਮੁਲਕਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਅਜੇ ਅਸੀਂ ਘਰੇਲੂ ਮੋਰਚੇ ‘ਤੇ ਜ਼ੋਰ ਦੇ ਰਹੇ ਹਾਂ ਅਤੇ ਸਾਡੇ ਕੋਲ ਹੋਰ ਖੁਰਾਕਾਂ ਉਪਲੱਬਧ ਨਹੀਂ ਹਨ।

ਪਿਛਲੇ ਹਫ਼ਤੇ ਦੇ ਅਖੀਰ ਵਿਚ, ਐਫ. ਸੀ. ਡੀ. ਓ. ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਕੋਵਿਡ -19 ਵਿਰੁੱਧ ਲੜਾਈ ਵਿਚ ਦੇਸ਼ ਦਾ ਸਮਰਥਨ ਕਰਨ ਲਈ 600 ਤੋਂ ਵੱਧ ਜ਼ਰੂਰੀ ਡਾਕਟਰੀ ਉਪਕਰਣਾਂ ਨੂੰ ਭਾਰਤ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਸੈਂਕੜੇ ਆਕਸੀਜਨ ਉਪਕਰਣ ਅਤੇ ਵੈਂਟੀਲੇਟਰਾਂ ਸਣੇ ਮਹੱਤਵਪੂਰਨ ਮੈਡੀਕਲ ਉਪਕਰਣ ਹੁਣ ਇਸ ਭਿਆਨਕ ਵਾਇਰਸ ਤੋਂ ਜਾਨੀ ਨੁਕਸਾਨ ਦੀ ਰੋਕਥਾਮ ਦੇ ਯਤਨਾਂ ਦਾ ਸਮਰਥਨ ਕਰਨ ਲਈ ਬ੍ਰਿਟੇਨ ਤੋਂ ਭਾਰਤ ਜਾ ਰਹੇ ਹਨ ਜਦਕਿ ਇਸ ਸੰਕਟ ਦੇ ਸਮੇਂ ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਵੀ ਸੋਮਵਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ।