India News

ਭਾਰਤ ਨੇ ਜਿੱਤਿਆ ਕੋਲਕਾਤਾ ਦਾ ਇਤਿਹਾਸਕ ਡੇਅ–ਨਾਈਟ ਕ੍ਰਿਕੇਟ ਮੈਚ

ਕੋਲਕਾਤਾ
ਭਾਰਤ ਤੇ ਬਾਂਗਲਾਦੇਸ਼ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਟੈਸਟ–ਲੜੀ ਦਾ ਦੂਜਾ ਮੈਚ ਖੇਡਿਆ ਗਿਆ। ਭਾਰਤ ਨੇ ਇਸ ਇਤਿਹਾਸਕ ਡੇਅ–ਨਾਈਟ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਆਸਾਨੀ ਨਾਲ ਹਰਾਉਂਦਿਆਂ ਇੱਕ ਸਮੁੱਚੀ ਪਾਰੀ ਤੇ 46 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਦੂਜੀ ਪਾਰੀ ਵਿੱਚ ਤੇਜ਼ ਗੇ਼ਦਬਾਜ਼ ਉਮੇਸ਼ ਯਾਦਵ ਨੇ ਸਭ ਤੋਂ ਵੱਧ ਪੰਜ ਵਿਕੇਟਾਂ ਲਈਆਂ। ਇਸ ਤੋਂ ਇਲਾਵਾ ਈਸ਼ਾਂਤ ਸ਼ਰਮਾ ਨੇ ਵੀ ਚਾਰ ਅਹਿਮ ਵਿਕੇਟਾਂ ਲਈਆਂ। ਇਸ ਦੇ ਨਾਲ ਹੀ ਦੋ ਮੈਚਾਂ ਦੀ ਟੈਸਟ–ਲੜੀ ਵਿੱਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 2–0 ਨਾਲ ਹਰਾਇਆ।
ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਇੰਦੌਰ ਟੈਸਟ ਵਿੱਚ ਤਿੰਨ ਦਿਨਾਂ ’ਚ ਹੀ ਬੰਗਲਾਦੇਸ਼ ਨੂੰ ਇੱਕ ਪਾਰੀ ਤੇ 130 ਦੌੜਾਂ ਨਾਲ ਹਰਾਇਆ ਸੀ।
ਬਾਅਦ ਦੁਪਹਿਰ 1:48 ਵਜੇ ਭਾਰਤ ਨੇ ਬੰਗਲਾਦੇਸ਼ ਦੀ ਦੂਜੀ ਪਾਰੀ 191 ਉੱਤੇ ਖ਼ਤਮ ਕਰਵਾ ਕੇ ਆਸਾਨੀ ਨਾਲ ਇੱਕ ਸਮੁੱਚੀ ਪਾਰੀ ਤੇ 46 ਦੌੜਾਂ ਨਾਲ ਹਰਾ ਕੇ ਲੜੀ ਉੱਤੇ 2–0 ਨਾਲ ਕਬਜ਼ਾ ਕਰ ਲਿਆ। ਦੂਜੀ ਪਾਰੀ ’ਚ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਪੰਜ ਵਿਕੇਟਾਂ ਲਈਆਂ।
ਮੁਸ਼ਫ਼ਿਕੁਰ ਰਹੀਮ ਦੀ ਸੰਘਰਸ਼ਪੂਰਨ ਪਾਰੀ ਦਾ ਅੰਤ 1:40 ਵਜੇ ਹੋਇਆ ਸੀ। ਊਨ੍ਹਾਂ ਨੇ 74 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੂੰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਪੈਵੇਲੀਅਨ ਭੇਜਿਆ। ਤਦ ਬੰਗਲਾਦੇਸ਼ ਦਾ ਸਕੋਰ 8 ਵਿਕੇਟਾਂ ਉੱਤੇ 189 ਦੌੜਾਂ ਸੀ।
ਬੰਗਲਾਦੇਸ਼਼ ਦੇ ਬੱਲੇਬਾਜ਼ ਮੁਸ਼ਫ਼ਿਕੁਰ ਰਹੀਮ ਦੀ ਇਸ ਪਾਰੀ ਨੂੰ ਯਕੀਨੀ ਤੌਰ ’ਤੇ ਕਾਫ਼ੀ ਸਮੇਂ ਤੱਕ ਚੇਤੇ ਰੱਖਿਆ ਜਾਵੇਗਾ। ਸੱਤ ਵਿਕੇਟਾਂ ਡਿੱਗਣ ਦੇ ਬਾਵਜੂਦ ਉਹ ਬਿਨਾ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਹੇ ਸਨ। ਬੰਗਲਾਦੇਸ਼ ਦਾ ਸਕੋਰ ਇਸ ਵੇਲੇ 7 ਵਿਕੇਟਾਂ ਉੱਤੇ 184 ਹੈ।
ਇਸ ਤੋਂ ਪਹਿਲਾਂ ਭਾਰਤ ਨੂੰ ਅੱਜ ਦਾ ਪਹਿਲਾ ਵਿਕੇਟ ਲੈਣ ’ਚ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਗੇਂਦ ਉੱਤੇ ਇਬਾਦਤ ਹੁਸੈਨ ਦਾ ਵਿਰਾਟ ਕੋਹਲੀ ਨੇ ਆਸਾਨ ਕੈਚ ਲਿਆ। ਤਦ ਹੀ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਭਾਰਤ ਹੁਣ ਜਿੱਤ ਦੇ ਨੇੜੇ ਪੁੱਜ ਗਿਆ ਹੈ।