India News

ਮਨੋਹਰ ਪਰਿਕਰ ਦਾ ਅੰਤਿਮ ਸਸਕਾਰ

ਪਣਜੀ (ਗੋਆ)-ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਮ੍ਰਿਤਕ ਦੇਹ ਦਾ ਅੱਜ ਸ਼ਾਮੀਂ ਅੰਤਮ ਸਸਕਾਰ ਕਰ ਦਿੱਤਾ ਗਿਆ। 63 ਸਾਲਾ ਸ੍ਰੀ ਪਰਿਕਰ ਦਾ ਕੱਲ੍ਹ ਗੋਆ ਦੀ ਰਾਜਧਾਨੀ ਪਣਜੀ ਵਿਖੇ ਦੇਹਾਂਤ ਹੋ ਗਿਆ ਸੀ। ਅੱਜ ਕੇਂਦਰ ਸਰਕਾਰ ਨੇ ਸਤਿਕਾਰ ਵਜੋਂ ਰਾਸ਼ਟਰ–ਪੱਧਰ ਦੇ ਸੋਗ ਦਾ ਐਲਾਨ ਕੀਤਾ ਸੀ।ਅੱਜ ਸ੍ਰੀ ਮਨੋਹਰ ਪਰਿਕਰ ਦੀ ਮ੍ਰਿਤਕ ਦੇਹ ਨੂੰ ਮੀਰਾਮਾਰ ਸਮੁੰਦਰੀ ਕੰਢੇ ਉੱਤੇ ਲਿਆਂਦਾ ਗਿਆ, ਜਿੱਥੇ ਚੁਫੇਰੇ ‘ਮਨੋਹਰ ਪਰਿਕਰ ਅਮਰ ਰਹੇ’ ਦੇ ਨਾਅਰਿਆਂ ਦੌਰਾਨ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਇਸ ਦੌਰਾਨ ਅੱਜ ਭਾਰਤ ਤੇ ਰੂਸ ਜਿਹੇ ਦੇਸ਼ਾਂ ਨੇ ਵੀ ਸ੍ਰੀ ਪਰਿਕਰ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ਼–ਵਿਦੇਸ਼ ਤੋਂ ਕੱਲ੍ਹ ਸ਼ਾਮ ਤੋਂ ਹੀ ਸੋਗ–ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ। ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ 63 ਸਾਲਾਂ ਦੇ ਸਨ, ਜਦੋਂ ਕੱਲ੍ਹ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋਇਆ। ਉਨ੍ਹਾਂ ਨੂੰ ਪਹਿਲੀ ਵਾਰ ਪਿਛਲੇ ਸਾਲ ਫ਼ਰਵਰੀ ਮਹੀਨੇ ਆਪਣੀ ਬੀਮਾਰੀ ਦਾ ਪਤਾ ਲੱਗਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਗੋਆ, ਮੁੰਬਈ, ਦਿੱਲੀ ਤੇ ਨਿਊ ਯਾਰਕ ਦੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਇਆ। ਆਖ਼ਰ ਕੱਲ੍ਹ ਐਤਵਾਰ 17 ਮਾਰਚ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ।
ਮਨੋਹਰ ਪਰਿਕਰ ਬਹੁਤ ਸਰਲ ਸੁਭਾਅ ਵਾਲੇ ਨੇਤਾ ਸਨ। ਉਨ੍ਹਾਂ 1978 ਵਿੱਚ IIT ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਹ ਕਿਸੇ ਰਾਜ ਦੇ ਪਹਿਲੇ IIT ਗ੍ਰੈਜੂਏਟ ਮੁੱਖ ਮੰਤਰੀ ਸਨ। ਉਹ ਗੋਆ ’ਚ ਵੀ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਸਨ।
ਸਾਲ 2017 ਦੌਰਾਨ ਗੋਆ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਲੋਕਾਂ ਦਾ ਸਾਥ ਮਿਲਿਆ ਤੇ ਭਾਜਪਾ ਨੂੰ ਗੋਆ ਦੀ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ। 14 ਮਾਰਚ, 2017 ਨੂੰ ਸ੍ਰੀ ਪਰਿਕਰ ਗੋਆ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ 2000 ਦੌਰਾਨ ਵੀ ਉਹ ਗੋਆ ਦੇ ਮੁੱਖ ਮੰਤਰੀ ਬਣੇ ਸਨ ਪਰ ਤਦ 27 ਫ਼ਰਵਰੀ, 2002 ਨੂੰ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ ਪਰ ਫਿਰ 5 ਜੂਨ, 2002 ਨੂੰ ਮੁੜ ਉਨ੍ਹਾਂ ਨੂੰ ਮੁੱਖ ਮੰਤਰੀ ਚੁਣ ਲਿਆ ਗਿਆ ਸੀ।

ਸਾਲ 2005 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਹਾਰ ਗਈ ਤੇ ਮਨੋਹਰ ਪਰਿਕਰ ਨੂੰ ਮੁੱਖ ਮੰਤਰੀ ਦਾ ਅਹੁਦਾ ਤਿਆਗਣਾ ਪਿਆ। ਉਸ ਤੋਂ ਬਾਅਦ ਭਾਜਪਾ ਨੂੰ ਸਾਲ 2012 ਦੌਰਾਨ ਗੋਆ ਚੋਣਾਂ ਵਿੱਚ ਜਿੱਤ ਹਾਸਲ ਹੋਈ ਤੇ ਮੁੜ ਭਾਜਪਾ ਨੇ ਸ੍ਰੀ ਪਰਿਕਰ ਨੂੰ ਮੁੱਖ ਮੰਤਰੀ ਬਣਾ ਦਿੱਤਾ।
ਸਾਲ 2014 ਦੀਆਂ ਚੋਣਾਂ ਦੌਰਾਨ ਲੋਕ ਸਭਾ ਚੋਦਾਂ ਵਿੱਚ ਭਾਜਪਾ ਨੂੰ ਜਿੱਤ ਹਾਸਲ ਹੋਈ ਤੇ ਪਾਰਟੀ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ। ਜਦੋਂ ਦੇਸ਼ ਦਾ ਰੱਖਿਆ ਮੰਤਰੀ ਚੁਣਨ ਦੀ ਵਾਰੀ ਆਈ, ਤਾਂ ਭਾਜਪਾ ਦੀ ਪਹਿਲੀ ਪਸੰਦ ਪਰਿਕਰ ਬਣੇ ਤੇ ਉਨ੍ਹਾਂ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾ ਦਿੱਤਾ ਗਿਆ।

ਭਾਰਤ ਦਾ ਰੱਖਿਆ ਮੰਤਰੀ ਬਣਨ ਲਈ ਪਰਿਕਰ ਨੂੰ ਆਪਣਾ ਮੁੱਖ ਮੰਤਰੀ ਦਾ ਅਹੁਦਾ ਤਿਆਗਣਾ ਪਿਆ ਤੇ ਉਨ੍ਹਾਂ ਦੀ ਥਾਂ ਲਕਸ਼ਮੀਕਾਂਤ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ।
ਸ੍ਰੀ ਮਨੋਹਰ ਪਰਿਕਰ ਦੇ ਰੱਖਿਆ ਮੰਤਰੀ ਹੁੰਦਿਆਂ ਭਾਰਤੀ ਫ਼ੌਜ ਨੇ ਦੋ ਵੱਡੇ ਆਪਰੇਸ਼ਨ ਕੀਤੇ। ਸਾਲ 2015 ਦੌਰਾਨ ਮਿਆਂਮਾਰ ਦੀ ਸਰਹੱਦ ਅੰਦਰ ਭਾਰਤੀ ਪੈਰਾ–ਕਮਾਂਡੋਜ਼ ਨੇ ਘੁਸ ਕੇ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਤੇ ਇੰਝ ਹੀ ਨਵੰਬਰ 2017 ਦੌਰਾਨ ਜੰਮੂ–ਕਸ਼ਮੀਰ ਤੋਂ ਮਕਬੂਜ਼ਾ ਕਸ਼ਮੀਰ ਦੇ ਕੰਟਰੋਲ ਰੇਖਾ ਲਾਗਲੇ ਇਲਾਕਿਆਂ ਵਿੱਚ ਭਾਰਤੀ ਫ਼ੌਜ ਨੇ ਅੱਤਵਾਦੀ ਟਿਕਾਣੇ ਖ਼ਤਮ ਕੀਤੇ ਸਨ।