UK News

ਮਹਾਰਾਣੀ ਐਲਿਜਾਬੈਥ ਨੇ ਪ੍ਰਿੰਸ ਫਿਲਿਪ ਦੀ ਮੌਤ ਤੋਂ ਬਾਅਦ ਸੋਗ ਸਮਾਂ ਪੂਰਾ ਹੋਣ ਮਗਰੋਂ ਸ਼ੁਰੂ ਕੀਤੇ ਕੰਮ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਮੰਗਲਵਾਰ ਨੂੰ ਆਪਣੇ ਪਤੀ ਪ੍ਰਿੰਸ ਫਿਲੀਪ ਲਈ ਸੋਗ ਸਮਾਂ ਪੂਰਾ ਹੋਣ ਤੋਂ ਬਾਅਦ ਆਪਣੇ ਸ਼ਾਹੀ ਫਰਜ਼ਾਂ ਦੀ ਮੁੜ ਸ਼ੁਰੂਆਤ ਕਰ ਦਿੱਤੀ ਹੈ। 95 ਸਾਲਾ ਮਹਾਰਾਣੀ ਨੇ ਇੰਗਲੈਂਡ ਦੇ ਬਰਕਸ਼ਾਇਰ ਦੇ ਵਿੰਡਸਰ ਕੈਸਲ ਵਿਚੋਂ ਲਾਤਵੀਆ ਅਤੇ ਆਈਵਰੀ ਕੋਸਟ ਦੇ ਰਾਜਦੂਤਾਂ ਨਾਲ ਵਰਚੁਅਲ ਮੁਲਾਕਾਤ ਕੀਤੀ, ਜੋ ਲੰਡਨ ਦੇ ਬਕਿੰਘਮ ਪੈਲੇਸ ਵਿਚ ਸਨ।

ਨਵੇਂ ਰਾਜਦੂਤਾਂ ਵਜੋਂ ਅਧਿਕਾਰਤ ਡਿਊਟੀਆਂ ਸੰਭਾਲਣ ਤੋਂ ਪਹਿਲਾਂ ਇਨ੍ਹਾਂ ਨੇ ਰਸਮੀ ਪ੍ਰਮਾਣ ਪੱਤਰਾਂ ਦੀ ਪੇਸ਼ਕਾਰੀ ਕੀਤੀ। ਲਾਤਵੀਆ ਦੀ ਰਾਜਦੂਤ ਇਵਿਤਾ ਬਰਮਿਸਟਰੇ ਨੇ ਮਹਾਰਾਣੀ ਨੂੰ ਆਪਣਾ ਪੱਤਰ ਸੌਂਪਿਆ ਅਤੇ ਆਈਵਰੀ ਕੋਸਟ ਦੀ ਰਾਜਦੂਤ ਸਾਰਾ ਐਫੋਈ ਅਮਾਨੀ ਨੇ ਵੀ ਇਹ ਕਾਰਵਾਈ ਕੀਤੀ। ਪ੍ਰਿੰਸ ਦੀ ਮੌਤ ਦੇ ਬਾਅਦ ਪਿਛਲੇ ਸ਼ੁੱਕਰਵਾਰ ਸ਼ਾਹੀ ਅਦਾਲਤ ਦੇ ਦੋ ਹਫ਼ਤਿਆਂ ਦੇ ਬਾਅਦ ਸੋਗ ਸਮਾਪਤ ਹੋਇਆ ਹੈ। ਮਹਾਰਾਣੀ ਦੀ ਤਾਜ਼ਾ ਵਰਚੁਅਲ ਸ਼ਮੂਲੀਅਤ, 17 ਅਪ੍ਰੈਲ ਨੂੰ ਵਿੰਡਸਰ ਕੈਸਲ ਦੇ ਸੇਂਟ ਜੋਰਜ ਚੈਪਲ ਵਿਖੇ ਡਿਊਕ ਆਫ ਐਡਿਨਬਰਾ ਦੇ ਸ਼ਾਹੀ ਅੰਤਿਮ ਸੰਸਕਾਰ ਤੋਂ ਬਾਅਦ ਪਹਿਲੀ ਰਸਮੀ ਮੁੜ ਸ਼ੁਰੂਆਤ ਹੈ। 21 ਅਪ੍ਰੈਲ ਨੂੰ ਆਪਣੇ 95 ਵੇਂ ਜਨਮਦਿਨ ਮੌਕੇ ਮਹਾਰਾਣੀ ਨੇ ਇਕ ਸੰਦੇਸ਼ ਜਾਰੀ ਕੀਤਾ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਦੁੱਖ ਦੀ ਘੜੀ ਵਿਚ ਸ਼ਾਹੀ ਪਰਿਵਾਰ ਦਾ ਸਮਰਥਨ ਕੀਤਾ ਸੀ।