World

ਮਹਾਰਾਣੀ ਐਲਿਜਾਬੈਥ ਨੇ ਪ੍ਰਿੰਸ ਵਿਲੀਅਮ ਨੂੰ ਸੌਂਪੀ ਮਹੱਤਵਪੂਰਨ ਜ਼ਿੰਮੇਵਾਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਮਹਾਰਾਣੀ ਐਲਿਜਾਬੈਥ II ਨੇ ਚਰਚ ਆਫ਼ ਸਕਾਟਲੈਂਡ ਦੀ ਜਨਰਲ ਅਸੈਂਬਲੀ ਵਿਚ ਉਸ ਦੀ ਨੁਮਾਇੰਦਗੀ ਲਈ ਪ੍ਰਿੰਸ ਵਿਲੀਅਮ ਨੂੰ ਲਾਰਡ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ 38 ਸਾਲਾਂ ਦੇ ਪ੍ਰਿੰਸ ਵਿਲੀਅਮ ਨੂੰ 2020 ਵਿੱਚ ਇਹ ਭੂਮਿਕਾ ਦਿੱਤੀ ਗਈ ਸੀ ਪਰ ਜਨਰਲ ਅਸੈਂਬਲੀ ਨੂੰ ਮਹਾਮਾਰੀ ਦੇ ਕਾਰਨ ਪਿਛਲੇ ਮਈ ਵਿੱਚ ਰੱਦ ਕਰ ਦਿੱਤਾ ਗਿਆ ਸੀ। 

ਸ਼ਾਹੀ ਪਰਿਵਾਰ ਦੀ ਵੈਬਸਾਈਟ ਅਨੁਸਾਰ ਲਾਰਡ ਹਾਈ ਕਮਿਸ਼ਨਰ ਦੀ ਭੂਮਿਕਾ ਰਾਜ ਅਤੇ ਚਰਚ ਦੇ ਵਿਚਕਾਰ ਸਬੰਧ ਕਾਇਮ ਰੱਖਣ ਦੀ ਹੈ ਅਤੇ ਇੱਕ ਲਾਰਡ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਪਰੰਪਰਾ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜੋ ਕਿ 16ਵੀਂ ਸਦੀ ਦੇ ਬਾਅਦ ਵਾਲੇ ਹਿੱਸੇ ਵਿੱਚ ਸ਼ੁਰੂ ਹੋਈ ਸੀ। ਲਾਰਡ ਹਾਈ ਕਮਿਸ਼ਨਰ ਜਨਰਲ ਅਸੈਂਬਲੀ ਦੇ ਉਦਘਾਟਨੀ ਅਤੇ ਅੰਤ ਨੂੰ ਸੰਬੋਧਨ ਕਰਦਾ ਹੈ, ਇਸ ਦੀ ਕਾਰਵਾਈ ਬਾਰੇ ਮਹਾਰਾਣੀ ਨੂੰ ਰਿਪੋਰਟ ਕਰਦਾ ਹੈ। ਜਨਰਲ ਅਸੈਂਬਲੀ ਦੇ ਕਾਰਜਕਾਲ ਲਈ ਲਾਰਡ ਹਾਈ ਕਮਿਸ਼ਨਰ ਨੂੰ ਹੋਲੀਰੂਡ ਹਾਊਸ ਦੇ ਪੈਲੇਸ ਵਿਖੇ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ ਤੇ ਇਸ ਸਮੇਂ ਦੌਰਾਨ, ਉਸ ਨੂੰ ਗਾਰਡ ਆਫ਼ ਆਨਰ, 21 ਬੰਦੂਕਾਂ ਦੀ ਸਲਾਮੀ ਆਦਿ ਵੀ ਦਿੱਤੀ ਜਾਂਦੀ ਹੈ।

ਸਕਾਟਲੈਂਡ ਦਾ ਚਰਚ ਇੱਕ ਪ੍ਰੇਸਬੀਟੇਰੀਅਨ ਚਰਚ ਹੈ ਅਤੇ ਕੇਵਲ ਯਿਸੂ ਮਸੀਹ ਨੂੰ ‘ਕਿੰਗ ਅਤੇ ਚਰਚ ਦਾ ਮੁਖੀ’ ਮੰਨਦਾ ਹੈ। ਰਾਣੀ ਸਕਾਟਲੈਂਡ ਦੇ ਚਰਚ ਦੇ ‘ਸੁਪਰੀਮ ਗਵਰਨਰ’ ਦੀ ਉਪਾਧੀ ਨਹੀਂ ਰੱਖਦੀ। ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਰਾਜਕੁਮਾਰੀ ਐਨੇ ਦੋ ਵਾਰ, ਪ੍ਰਿੰਸ ਚਾਰਲਸ, ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਸ਼ਾਮਿਲ ਹਨ।