World

ਮਿਸਰ ‘ਚ ਬ੍ਰਿਟਿਸ਼ ਜੋੜੇ ਦੀ ਰਹੱਸਮਈ ਮੌਤ, 300 ਲੋਕਾਂ ਨੇ ਖਾਲੀ ਕੀਤਾ ਹੋਟਲ

ਕਾਹਿਰਾ/ਲੰਡਨ — ਮਿਸਰ ਵਿਚ ਛੁੱਟੀਆਂ ਕੱਟ ਰਹੇ ਬ੍ਰਿਟਿਸ਼ ਜੋੜੇ ਦੀ ਰਹੱਸਮਈ ਮੌਤ ਦੇ ਬਾਅਦ ਲੋਕਪ੍ਰਿਅ ਸੈਰ-ਸਪਾਟਾ ਕੰਪਨੀ ਥਾਮਸ ਕੁੱਕ ਨੇ ਆਪਣੇ ਸਾਰੇ 301 ਗਾਹਕਾਂ ਨੂੰ ਲਾਲ ਸਾਗਰ ਰਿਜੌਰਟ ਹੂਰਗਾਡਾ ਹੋਟਲ ਤੋਂ ਟਰਾਂਸਫਰ ਕਰ ਦਿੱਤਾ ਹੈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੋੜੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਬ੍ਰਿਟੇਨ ਦੀ ਹੌਲੀਡੇਅ ਕੰਪਨੀ ਵਿਚ ਕੰਮ ਕਰ ਰਹੇ 69 ਸਾਲਾ ਜੌਨ ਕੂਪਰ ਅਤੇ ਉਸ ਦੀ 63 ਸਾਲਾ ਪਤਨੀ ਸੁਸਾਨ ਕੂਪਰ ‘ਸਟੀਗੇਂਬਰਗਰ ਐਕਵਾ ਮੈਜਿਕ’ ਹੋਟਲ ਵਿਚ ਰਹਿ ਰਹੇ ਸਨ।

ਮੰਗਲਵਾਰ ਨੂੰ ਇਕ ਘੰਟੇ ਦੇ ਅੰਦਰ ਹੀ ਦੋਹਾਂ ਦੀ ਮੌਤ ਹੋ ਗਈ। ਕੰਪਨੀ ਥਾਮਸ ਕੁੱਕ ਨੇ ਕਿਹਾ ਕਿ ਹੋਟਲ ਵਿਚ ਹੋਰ ਮਹਿਮਾਨਾਂ ਦੇ ਬੀਮਾਰ ਹੋਣ ਦੀ ਖਬਰ ਮਿਲੀ ਹੈ। ਕੰਪਨੀ ਨੇ ਕਿਹਾ,”ਸੁਰੱਖਿਆ ਹਮੇਸ਼ਾ ਸਾਡੀ ਤਰਜੀਹ ਹੈ ਇਸ ਲਈ ਸਾਵਧਾਨੀ ਦੇ ਤੌਰ ‘ਤੇ ਅਸੀਂ ਹੋਟਲ ਵਿਚੋਂ ਆਪਣੇ ਸਾਰੇ ਗਾਹਕਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ।” ਉੱਥੇ ਹੋਟਲ ਦੇ ਅਧਿਕਾਰੀਆਂ ਨੇ ਕਿਹਾ ਕਿ ਬੀਮਾਰੀ ਦੇ ਮਾਮਲਿਆਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਮਿਸਰ ਆਮਦਨ ਦੇ ਮਹੱਤਵਪੂਰਣ ਸਰੋਤ ਸੈਰ-ਸਪਾਟਾ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਲਾਲ ਸਾਗਰ ਦੇ ਸੂਬਾਈ ਗਵਰਨਰ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਜੋੜੇ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ। ਇਸ ਬਿਆਨ ਦਾ ਸਿਰਲੇਖ ‘ਬਜ਼ੁਰਗ ਅੰਗਰੇਜ਼ ਵਿਅਕਤੀ ਅਤੇ ਉਸ ਦੀ ਪਤਨੀ ਦੀ ਸਧਾਰਨ ਮੌਤ’ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਜੌਨ ਕੂਪਰ ਦੀ ਹੋਟਲ ਵਿਚ ਮੌਤ ਹੋ ਗਈ ਜਦਕਿ ਸੁਸਾਨ ਕੂਪਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।