India News

ਮੋਦੀ ਸਰਕਾਰ ਦੀ ਨਾਕਾਮੀ ਉੱਤੇ ਸਵਾਲ : ਲਾਹਣਤਾਂ ਪਾ ਰਿਹੈ ਵਿਦੇਸ਼ੀ ਮੀਡੀਆ ਮੋਦੀ ’ਤੇ

ਨਵੀਂ ਦਿੱਲੀ-ਗੋਦੀ ਮੀਡੀਆ ਜਾਂ ਮੋਦੀ ਮੀਡੀਆ ਨੇ ਹਮੇਸ਼ਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੋਦੀ ਸਰਕਾਰ ਹਮੇਸ਼ਾ ਹੀ ਜੈ-ਜੈਕਾਰ ਕੀਤੀ ਹੈ। ਦੇਸ਼ ਵਿੱਚ ਕੁਹਰਾਮ ਮਚਿਆ ਹੋਇਆ ਹੈ, ਆਕਸੀਜਨ ਦੀ ਕਮੀ ਕਾਰਨ ਲੋਕ ਤੜਫ-ਤੜਫ ਕੇ ਮਰ ਰਹੇ ਹਨ। ਪਰ ਕੌਮੀ ਮੀਡੀਆ ਦੇ ਬੁੱਲ੍ਹਾਂ ਉਤੇ ਟੇਪ ਲੱਗੀ ਹੋਈ ਹੈ। ਕਿਸੇ ਨੇ ਇਹ ਸਵਾਲ ਨਹੀਂ ਉਠਾਇਆ ਕਿ ਪ੍ਰਧਾਨ ਮੰਤਰੀ ਨੂੰ ਪੱਛਮੀ ਬੰਗਾਲ ਵਿੱਚ ਰੈਲੀਆਂ ਕਰਨ ਦੀ ਬਜਾਏ ਦੇਸ਼ ਦੇ ਹਾਲਾਤ ਸੰਭਾਲਣੇ ਚਾਹੀਦੇ ਸਨ। ਅੱਕ ਕੇ ਮਦਰਾਸ ਹਾਈ ਕੋਰਟ ਨੇ ਚੋਣ ਕਮਿਸ਼ਨ ਖਿਲਾਫ ਟਿੱਪਣੀ ਕੀਤੀ ਹੈ ਤੇ ਕਿਹਾ ਹੈ ਕਿ ਕਮਿਸ਼ਨ ਦੇ ਅਧਿਕਾਰੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਹ ਅਜਿਹੀ ਟਿੱਪਣੀ ਹੈ-ਧੀਏ ਗੱਲ ਕਰ, ਨੂੰਹੇਂ ਕੰਨ੍ਹ ਕਰ। ਚੋਣ ਰੈਲੀਆਂ ਦੇ ਲਈ ਸਿਰਫ ਚੋਣ ਕਮਿਸ਼ਨ ਜ਼ਿੰਮੇਵਾਰ ਨਹੀਂ ਹੈ, ਉਸ ਦੇ ਲਈ ਉਹ ਸਿਆਸੀ ਪਾਰਟੀਆਂ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਲੋਕਾਂ ਦੇ ਇਕੱਠ ਕੀਤੇ, ਉਹ ਲੀਡਰ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਰੈਲੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਕੱਠ ਵੀ ਸ਼ਾਮਲ ਹਨ।
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕੋਰੋਨਾ ਲਈ ਸਪੈਸ਼ਲ ਮੈਡੀਕਲ ਸੇਵਾਵਾਂ ਦੀ ਤਾਂ ਗੱਲ ਹੀ ਛੱਡੋ, ਲੋਕਾਂ ਨੂੰ ਹਸਪਤਾਲ ਦੇ ਬੈਡ, ਆਕਸੀਜਨ ਅਤੇ ਜ਼ਰੂਰੀ ਦਵਾਵਾਂ ਲਈ ਮਾਰਾ-ਮਾਰੀ ਕਰਨੀ ਪੈ ਰਹੀ ਹੈ। ਕੋਰੋਨਾ ਕਾਰਨ ਜਾਨਾਂ ਗਈਆਂ ਤਾਂ ਸਮਸ਼ਾਨਾਂ ਅਤੇ ਕਬਰਿਸਤਾਨਾਂ ਵਿੱਚ ਵੀ ਜਗ੍ਹਾ ਲਈ ਲੜਾਈ ਵਰਗਾ ਮੰਜ਼ਰ ਹੈ। ਅਜਿਹੇ ਵਿੱਚ ਵਿਦੇਸ਼ੀ ਮੀਡੀਆ ਮੋਦੀ ਸਰਕਾਰ ਨੂੰ ਕਿਸ ਤਰ੍ਹਾਂ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ-ਆਓ ਜੀ ਵੇਖਦੇ ਹਾਂ:-
ਆਸਟਰੇਲੀਅਨ ਫਾਇਨਾਂਸੀਅਲ ਰਿਵਿਊ : ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਮੋਦੀ ਦਾ ਕਾਰਟੂਨ
ਸਭ ਤੋਂ ਤਿੱਖਾ ਰੀਐਕਸ਼ਨ ਆਸਟ੍ਰੇਲੀਆ ਦੇ ਅਖਬਾਰ ਆਸਟਰੇਲੀਅਨ ਫਾਇਨਾਂਸੀਅਲ ਰਿਵਿਊ ਵਿੱਚ ਦੇਖਣ ਨੂੰ ਮਿਲਿਆ ਹੈ। ਕਾਰਟੂਨਿਸਟ ਡੇਵਿਡ ਰੋਵ ਨੇ ਇੱਕ ਕਾਰਟੂਨ ਵਿੱਚ ਵਿਖਾਇਆ ਹੈ ਕਿ ਭਾਰਤ ਜੋ ਕਿ ਹਾਥੀ ਦੀ ਤਰ੍ਹਾਂ ਵਿਸ਼ਾਲ ਹੈ। ਉਹ ਮਰਨ ਵਾਲੀ ਹਾਲਤ ਵਿੱਚ ਜ਼ਮੀਨ ਉੱਤੇ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੀ ਪਿੱਠ ਉੱਤੇ ਸਿੰਘਾਸਣ ਦੀ ਤਰ੍ਹਾਂ ਲਾਲ ਗੱਦੀ ਵਾਲਾ ਆਸਣ ਲਗਾ ਕੇ ਬੈਠਾ ਹੋਏ ਹਨ। ਉਨ੍ਹਾਂ ਦੇ ਸਿਰ ਉੱਤੇ ਤੁੱਰ੍ਹੇਦਾਰ ਪਗੜੀ ਅਤੇ ਇੱਕ ਹੱਥ ਵਿੱਚ ਮਾਇਕ ਹੈ। ਉਹ ਭਾਸ਼ਣ ਵਾਲੀ ਪੋਜੀਸ਼ਨ ਵਿੱਚ ਹਨ। ਇਹ ਕਾਰਟੂਨ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੀ ਵਾਸ਼ਿੰਗਟਨ ਪੋਸਟ: ਪਾਬੰਦੀਆਂ ਤੋਂ ਜਲਦੀ ਰਾਹਤ ਦੇਣ ਦੇ ਕਾਰਨ ਭਾਰਤ ਵਿੱਚ ਕੋਰੋਨਾ ਫਿਰ ਵਧਿਆ। ਅਮਰੀਕੀ ਅਖਬਾਰ ‘ਦ ਵਾਸ਼ਿੰਗਟਨ ਪੋਸਟ’ ਨੇ 24 ਅਪ੍ਰੈਲ ਦੇ ਆਪਣੇ ਓਪੀਨੀਅਨ ਵਿੱਚ ਲਿਖਿਆ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਸਭ ਤੋਂ ਵੱਡੀ ਵਜ੍ਹਾ ਪਾਬੰਦੀਆਂ ਵਿੱਚ ਛੇਤੀ ਰਾਹਤ ਮਿਲਣਾ ਹੈ। ਇਸ ਤੋਂ ਲੋਕਾਂ ਨੇ ਮਹਾਂਮਾਰੀ ਨੂੰ ਹਲਕੇ ਵਿੱਚ ਲਿਆ। ਕੁੰਭ ਮੇਲਾ, ਕਿ੍ਰਕੇਟ ਸਟੇਡੀਅਮ ਵਰਗੇ ਈਵੈਂਟ ਵਿੱਚ ਦਰਸ਼ਕਾਂ ਦੀ ਭਾਰੀ ਹਾਜ਼ਰੀ ਇਸ ਦੇ ਉਦਾਹਰਣ ਹਨ। ਇੱਕ ਜਗ੍ਹਾ ਉੱਤੇ ਮਹਾਂਮਾਰੀ ਦਾ ਖਤਰਾ ਮਤਲਬ ਸਾਰਿਆਂ ਲਈ ਖਤਰਾ ਹੈ। ਕੋਰੋਨਾ ਦਾ ਨਵਾਂ ਵੈਰੀੲੈਂਟ ਹੋਰ ਵੀ ਜ਼ਿਆਦਾ ਖਤਰਨਾਕ ਹੈ।
ਦੀ ਗਾਰਡੀਅਨ : ਭਾਰਤ ਵਿੱਚ ਬਦਤਰ ਹਾਲਾਤ ਦੇ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਓਵਰ ਕਾਨਫੀਡੈਂਸ
ਬਿ੍ਰਟੇਨ ਦੇ ਅਖਬਾਰ ‘ਦ ਗਾਰਡੀਅਨ’ ਨੇ ਭਾਰਤ ਵਿੱਚ ਕੋਰੋਨਾ ਬਣੇ ਭਿਆਨਕ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਹੈ। 23 ਅਪ੍ਰੈਲ ਨੂੰ ਅਖਬਾਰ ਨੇ ਲਿਖਿਆ – ਭਾਰਤੀ ਪ੍ਰਧਾਨ ਮੰਤਰੀ ਦੇ ਅਤਿ ਆਤਮਵਿਸਵਾਸ਼ (ਓਵਰ ਕਾਨਫੀਡੈਂਸ) ਕਾਰਨ ਦੇਸ਼ ਵਿੱਚ ਜਾਨਲੇਵਾ ਕੋਵਿਡ-19 ਦੀ ਦੂਜੀ ਲਹਿਰ ਰਿਕਾਰਡ ਪੱਧਰ ਉੱਤੇ ਹੈ। ਲੋਕ ਹੁਣ ਸਭ ਤੋਂ ਭੈੜੇ ਹਾਲ ਵਿੱਚ ਜੀਅ ਰਹੇ ਹਨ। ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈਡ ਦੋਨੋਂ ਨਹੀਂ ਹਨ। 6 ਹਫਤੇ ਪਹਿਲਾਂ ਉਨ੍ਹਾਂ ਨੇ ਭਾਰਤ ਨੂੰ ‘ਵਰਲਡ ਫਾਰਮੇਸੀ’ ਘੋਸ਼ਿਤ ਕਰ ਦਿੱਤਾ , ਜਦੋਂ ਕਿ ਭਾਰਤ ਵਿੱਚ 1 % ਆਬਾਦੀ ਦਾ ਵੀ ਵੈਕਸੀਨੇਸ਼ਨ ਨਹੀਂ ਹੋਇਆ ਸੀ।
ਨਿਊਯਾਰਕ ਟਾਈਮਜ : ਗਲਤ ਫੈਸਲਿਆਂ ਅਤੇ ਸਰਕਾਰ ਦੀ ਅਣਦੇਖੀ ਕਾਰਨ ਭਾਰਤ ਵਿੱਚ ਕੋਰੋਨਾ ਬੇਕਾਬੂ
ਅਮਰੀਕੀ ਅਖਬਾਰ ‘ਦ ਨਿਊਯਾਰਕ ਟਾਈਮਜ਼’ ਨੇ ਭਾਰਤ ਦੇ ਸੰਦਰਭ ਵਿੱਚ 25 ਅਪ੍ਰੈਲ ਨੂੰ ਲਿਖਿਆ ਕਿ ਸਾਲ ਭਰ ਪਹਿਲਾਂ ਦੁਨੀਆ ਦਾ ਸਭ ਤੋਂ ਸਖਤ ਲਾਕਡਾਊਨ ਲਗਾ ਕੇ ਕੋਰੋਨਾ ਉੱਤੇ ਕਾਫੀ ਹੱਦ ਤੱਕ ਕਾਬੂ ਪਾਇਆ, ਲੇਕਿਨ ਫਿਰ ਮਹਿਰਾਂ ਦੀ ਚਿਤਾਵਨੀ ਦੀ ਅਣਦੇਖੀ ਕੀਤੀ ਗਈ। ਅੱਜ ਕੋਰੋਨਾ ਦੇ ਮਾਮਲੇ ਬੇਕਾਬੂ ਹੋ ਗਏ ਹਨ। ਹਸਪਤਾਲਾਂ ਵਿੱਚ ਬੈਡ ਨਹੀਂ ਹੈ। ਪ੍ਰਮੁੱਖ ਰਾਜਾਂ ਵਿੱਚ ਲਾਕਡਾਊਨ ਲੱਗ ਗਿਆ ਹੈ। ਸਰਕਾਰ ਦੇ ਗਲਤ ਫੈਸਲਿਆਂ ਅਤੇ ਆਉਣ ਵਾਲੀ ਮੁਸੀਬਤ ਦੀ ਅਣਦੇਖੀ ਕਰਨ ਕਾਰਨ ਭਾਰਤ ਦੁਨੀਆ ਵਿੱਚ ਸਭ ਤੋਂ ਬੁਰੀ ਹਾਲਤ ਵਿੱਚ ਆ ਗਿਆ, ਜੋ ਕੋਰੋਨਾ ਨੂੰ ਮਾਤ ਦੇਣ ਵਿੱਚ ਇੱਕ ਸਫਲ ਉਦਾਹਰਣ ਬਣ ਸਕਦਾ ਸੀ।
ਟਾਈਮ ਮੈਗਜ਼ੀਨ : ਭਾਰਤ ਵਿੱਚ ਕੋਰੋਨਾ ਨੂੰ ਰੋਕਣ ਵਿੱਚ ਮੋਦੀ ਫੇਲ, ਵੈਕਸੀਨੇਸ਼ਨ ਦੀ ਗਤੀ ਵੀ ਧੀਮੀ
ਪ੍ਰਸਿਧ ਟਾਈਮ ਮੈਗਜ਼ੀਨ ਵਿੱਚ 23 ਅਪ੍ਰੈਲ ਨੂੰ ਰਾਣਾ ਅਯੂਬ ਦੇ ਲੇਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਦੀ ਲੜਾਈ ਵਿੱਚ ਨਾਕਾਮ ਦੱਸਿਆ ਗਿਆ
ਲੇਖ ਵਿੱਚ ਸਵਾਲ ਕੀਤਾ ਗਿਆ ਹੈ ਕਿ ਕਿਵੇਂ ਇਸ ਸਾਲ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਤਿਆਰੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਕਿ ਜ਼ਿੰਮੇਵਾਰੀ ਉਸ ਦੇ ਕੋਲ ਹੈ, ਜਿਸ ਨੇ ਸਾਰੀਆਂ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਜ਼ਿੰਮੇਵਾਰੀ ਉਸ ਮੰਤਰੀ-ਮੰਡਲ ਦੇ ਕੋਲ ਹੈ, ਜਿਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਵਿੱਚ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਖਿਲਾਫ ਪ੍ਰਧਾਨ ਮੰਤਰੀ ਨੇ ਸਫਲ ਲੜਾਈ ਲੜੀ। ਇੱਥੋਂ ਤੱਕ ਕਿ ਟੈਸਟਿੰਗ ਹੌਲੀ ਹੋ ਗਈ। ਲੋਕਾਂ ਵਿੱਚ ਭਿਆਨਕ ਵਾਇਰਸ ਲਈ ਜ਼ਿਆਦਾ ਡਰ ਨਹੀਂ ਰਿਹਾ।
ਬੀ ਬੀ ਸੀ ਨੇ ਕਿਹਾ – ਭਾਰਤ ਦੇ ਹੈਲਥ ਕੇਅਰ ਸਿਸਟਮ ਉੱਤੇ ਭੈੜਾ ਅਸਰ ਪਿਆ
ਦੋ ਦਿਨ ਪਹਿਲਾਂ ਪ੍ਰਕਾਸ਼ਿਤ ਲੇਖ ਵਿੱਚ ਬਿ੍ਰਟਿਸ ਨਿਊਜ ਏਜੰਸੀ ਨੇ ਕਿਹਾ ਕਿ ਕੋਰੋਨਾ ਦੇ ਰਿਕਾਰਡ ਮਾਮਲਿਆਂ ਕਾਰਨ ਭਾਰਤ ਦੇ ਹੈਲਥ ਕੇਅਰ ਸਿਸਟਮ ਉੱਤੇ ਮਾੜਾ ਅਸਰ ਪਿਆ ਹੈ। ਲੋਕਾਂ ਨੂੰ ਇਲਾਜ ਲਈ ਘੰਟਿਆਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਬੈਡ ਅਤੇ ਆਕਸੀਜਨ ਨਹੀਂ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੀ ਵਜ੍ਹਾ ਹੈਲਥ ਪ੍ਰੋਟੋਕਾਲ ਵਿੱਚ ਕਮਜ਼ੋਰੀ, ਮਾਸਕ ਉੱਤੇ ਸਖਤੀ ਨਾ ਹੋਣਾ ਅਤੇ ਕੁੰਭ ਮੇਲੇ ਵਿੱਚ ਲੱਖਾਂ ਲੋਕਾਂ ਦੀ ਹਾਜ਼ਰੀ ਰਹਿਣਾ ਹੈ।