Menu

ਮੋਬਾਈਲ ਦੇਣ ਤੋਂ ਮਨ੍ਹਾ ਕਰਨ ”ਤੇ ਅਮਰੀਕਾ ”ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ— ਅਮਰੀਕਾ ਦੇ ਕੇਂਟਕੀ ਸੂਬੇ ਦੇ ਲੁਈ ਵਿਲੇ ਸ਼ਹਿਰ ‘ਚ ਗੁਜਰਾਤ ਦੇ 22 ਸਾਲਾ ਨੌਜਵਾਨ ਮੌਲਿਕ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ, ਜਦੋਂ ਮੌਲਿਕ ਆਪਣੇ ਮੋਬਾਈਲ ‘ਤੇ ਗੱਲ ਕਰ ਰਿਹਾ ਸੀ ਤਾਂ ਕਿਸੇ ਅਣਪਛਾਤੇ ਨੀਗਰੋ ਵਿਅਕਤੀ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਨੀਗਰੋ ਵਿਅਕਤੀ ਵੱਲੋਂ ਮੋਬਾਈਲ ਮੰਗਣ ‘ਤੇ ਮੌਲਿਕ ਨੇ ਮੋਬਾਈਲ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ‘ਤੇ ਉਸ ਨੇ ਮੌਲਿਕ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਸ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਮੌਲਿਕ ਉੱਚ-ਸਿੱਖਿਆ ਦੀ ਪੜ੍ਹਾਈ ਲਈ ਸਟੂਡੈਂਟ ਵੀਜ਼ਾ ‘ਤੇ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਆਪਣੀ ਭੈਣ ਨਾਲ ਰਹਿੰਦਾ ਸੀ। ਮੌਲਿਕ ਦੇ ਪਿਤਾ ਕਨ੍ਹੱਈਆਲਾਲ ਗੁਜਰਾਤ ‘ਚ ਮਹੇਸਾਣਾ ਤਹਿਸੀਲ ਦੇ ਜਗੁਦਣ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਅਧਿਆਪਕ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਵੱਡੇ ਸਦਮੇ ‘ਚ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ‘ਚ ਭਾਰਤੀਆਂ ਦੀ ਹੱਤਿਆ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।